ਪਾਕਿਸਤਾਨ ਚੋਣਾਂ : ਨਤੀਜਿਆਂ ''ਚ ਫੇਰਬਦਲ, ਅੱਤਵਾਦੀ ਹਾਫਿਜ਼ ਦਾ ਪੁੱਤਰ ਹਾਰਿਆ ਚੋਣ

Friday, Feb 09, 2024 - 02:20 PM (IST)

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੇ ਚੋਣ ਨਤੀਜਿਆਂ 'ਚ ਵੱਡਾ ਫੇਰਬਦਲ ਦੇਖਣ ਨੂੰ ਮਿਲ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਮੁਸਲਿਮ ਲੀਗ (ਐਨ) ਦੇ ਨੇਤਾ ਨਵਾਜ਼ ਸ਼ਰੀਫ਼ ਨੇ ਆਮ ਚੋਣਾਂ ਜਿੱਤ ਲਈਆਂ ਹਨ। ਉਹ ਐਨਏ 130 (ਲਾਹੌਰ) ਸੀਟ ਤੋਂ ਲਗਾਤਾਰ ਪਛੜ ਰਹੇ ਸਨ। ਨਵਾਜ਼ ਅਜੇ ਵੀ ਇਕ ਸੀਟ 'ਤੇ ਪਿੱਛੇ ਹਨ। ਨਵਾਜ਼ ਦੀ ਧੀ ਮਰੀਅਮ ਨਵਾਜ਼ ਅਤੇ ਭਰਾ ਸ਼ਹਿਬਾਜ਼ ਸ਼ਰੀਫ ਵੀ ਚੋਣ ਜਿੱਤ ਗਏ ਹਨ। ਇਸ ਦੇ ਨਾਲ ਹੀ ਅੱਤਵਾਦੀ ਹਾਫਿਜ਼ ਸਈਦ ਦਾ ਪੁੱਤਰ ਤਲਹਾ ਸਈਦ ਐਨਏ-122 (ਲਾਹੌਰ) ਸੀਟ ਤੋਂ ਚੋਣ ਹਾਰ ਗਿਆ ਹੈ।

ਅੱਤਵਾਦੀ ਹਾਫਿਜ਼ ਸਈਦ ਦਾ ਪੁੱਤਰ ਤਲਹਾ ਹਾਫਿਜ਼ ਨਤੀਜਿਆਂ 'ਚ ਤੀਜੇ ਨੰਬਰ 'ਤੇ ਆਇਆ ਹੈ। ਪੀ.ਟੀ.ਆਈ ਸਮਰਥਿਤ ਉਮੀਦਵਾਰ ਲਤੀਫ ਖੋਸਾ ਨੇ ਐਨਏ 122 ਸੀਟ ਜਿੱਤ ਲਈ ਹੈ ਅਤੇ ਉਸਨੇ ਆਪਣੇ ਵਿਰੋਧੀ ਖਵਾਜਾ ਸਾਦ ਰਫੀਕ ਨੂੰ 1,17,109 ਵੋਟਾਂ ਨਾਲ ਹਰਾਇਆ। ਅੱਤਵਾਦੀ ਹਾਫਿਜ਼ ਸਈਦ ਦੀ ਪਾਰਟੀ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (PMML) ਨੇ ਚੋਣਾਂ ਲੜੀਆਂ ਸਨ। ਇਸ ਨੇ ਦੇਸ਼ ਭਰ ਵਿੱਚ ਹਰ ਰਾਸ਼ਟਰੀ ਅਤੇ ਸੂਬਾਈ ਵਿਧਾਨ ਸਭਾ ਹਲਕੇ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ। ਹਾਲਾਂਕਿ ਨਤੀਜੇ ਉਸ ਦੇ ਪੱਖ 'ਚ ਨਹੀਂ ਆਏ।

'ਹਾਫਿਜ਼ ਦੀ ਪਾਰਟੀ ਦਿਖਾ ਰਹੀ ਸੀ ਇਸਲਾਮਿਕ ਸਟੇਟ ਦਾ ਸੁਪਨਾ'

ਹਾਫਿਜ਼ ਸਈਦ ਦੁਆਰਾ ਸਥਾਪਿਤ ਪਾਕਿਸਤਾਨ ਮਰਕਜ਼ੀ ਮੁਸਲਿਮ ਲੀਗ (ਪੀ.ਐਮ.ਐਮ.ਐਲ) ਪਾਰਟੀ ਦਾ ਕਹਿਣਾ ਹੈ ਕਿ ਇਹ ਇੱਕ ਸਿਆਸੀ ਪਾਰਟੀ ਹੈ। ਪੀ.ਐਮ.ਐਮ.ਐਲ ਦਾ ਚੋਣ ਨਿਸ਼ਾਨ ‘ਕੁਰਸੀ’ ਹੈ। ਪੀ.ਐਮ.ਐਮ.ਐਲ ਦੀ ਤਰਫੋਂ ਚੋਣ ਮੀਟਿੰਗਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਦੇਸ਼ ਨੂੰ ਇੱਕ ਇਸਲਾਮਿਕ ਕਲਿਆਣਕਾਰੀ ਰਾਜ ਬਣਾਉਣਾ ਚਾਹੁੰਦੇ ਹਨ। ਹਾਫਿਜ਼ ਨੇ ਆਪਣੇ ਬੇਟੇ ਤਲਹਾ ਸਈਦ ਨੂੰ ਉਮੀਦਵਾਰ ਬਣਾਇਆ ਸੀ। ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ ਤੋਂ ਇਸ ਸੰਗਠਨ ਵੱਲੋਂ ਨਾਮਜ਼ਦ ਕੀਤੇ ਗਏ ਉਮੀਦਵਾਰਾਂ ਵਿੱਚੋਂ ਕੁਝ ਜਾਂ ਤਾਂ ਹਾਫਿਜ਼ ਸਈਦ ਦੇ ਰਿਸ਼ਤੇਦਾਰ ਸਨ ਜਾਂ ਅਤੀਤ ਵਿੱਚ ਪਾਬੰਦੀਸ਼ੁਦਾ ਲਸ਼ਕਰ-ਏ-ਤੋਇਬਾ, ਜਮਾਤ-ਉਦ-ਦਾਵਾ ਜਾਂ ਮਿੱਲੀ ਮੁਸਲਿਮ ਲੀਗ ਨਾਲ ਜੁੜੇ ਹੋਏ ਸਨ। ਹਾਫਿਜ਼ ਨਾਲ ਜੁੜਿਆ ਸੰਗਠਨ ਪਾਕਿਸਤਾਨ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਸਿਆਸੀ ਏਜੰਡਾ ਵੀ ਲੈ ਕੇ ਆਇਆ ਸੀ। ਉਨ੍ਹਾਂ ਦੀ ਪਾਰਟੀ ਚੋਣਾਂ ਵਿੱਚ ਇਸਲਾਮਿਕ ਸਟੇਟ ਦਾ ਸੁਪਨਾ ਦਿਖਾ ਰਹੀ ਸੀ। ਹਾਲਾਂਕਿ, ਲੋਕਾਂ ਨੇ ਉਸ ਦੀਆਂ ਗੱਲਾਂ ਅਤੇ ਦਾਅਵਿਆਂ 'ਤੇ ਭਰੋਸਾ ਨਹੀਂ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਚੋਣ ਪ੍ਰਕਿਰਿਆ 'ਚ ਵਿਘਨ ਪਾਉਣ ਲਈ 51 ਅੱਤਵਾਦੀ ਹਮਲੇ

ਦੱਸ ਦਈਏ ਕਿ ਹਾਫਿਜ਼ ਮੁਹੰਮਦ ਸਈਦ ਮੁੰਬਈ 'ਚ 26/11 ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਹੈ। ਇਸ ਹਮਲੇ ਵਿੱਚ ਛੇ ਅਮਰੀਕੀਆਂ ਸਮੇਤ 166 ਲੋਕ ਮਾਰੇ ਗਏ ਸਨ। ਅਮਰੀਕਾ ਨੇ ਵੀ ਉਸ ਦੇ ਸੰਗਠਨ ਨੂੰ ਅੱਤਵਾਦੀ ਐਲਾਨਿਆ ਹੋਇਆ ਹੈ। ਅਮਰੀਕਾ ਨੇ ਉਸ 'ਤੇ 10 ਮਿਲੀਅਨ ਡਾਲਰ ਦਾ ਇਨਾਮ ਰੱਖਿਆ ਹੈ। ਵਰਤਮਾਨ ਵਿੱਚ ਲਸ਼ਕਰ-ਏ-ਤੋਇਬਾ (LeT) ਦੇ ਸੰਸਥਾਪਕ ਹਾਫਿਜ਼ ਮੁਹੰਮਦ ਸਈਦ ਪਾਬੰਦੀਸ਼ੁਦਾ ਜਮਾਤ-ਉਦ-ਦਾਵਾ (JUD) ਦੇ ਕੁਝ ਹੋਰ ਨੇਤਾਵਾਂ ਨਾਲ 2019 ਤੋਂ ਜੇਲ੍ਹ ਵਿੱਚ ਹੈ। ਉਸ ਨੂੰ ਅੱਤਵਾਦੀ ਫੰਡਿੰਗ ਦੇ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਸਈਦ ਦੀ ਅਗਵਾਈ ਵਾਲੀ ਜਮਾਤ ਲਸ਼ਕਰ-ਏ-ਤੋਇਬਾ (ਐਲ.ਈ.ਟੀ) ਦਾ ਮੋਹਰੀ ਸੰਗਠਨ ਹੈ, ਜੋ 2008 ਦੇ ਮੁੰਬਈ ਹਮਲਿਆਂ ਨੂੰ ਅੰਜਾਮ ਦੇਣ ਲਈ ਜ਼ਿੰਮੇਵਾਰ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News