ਪਾਕਿਸਤਾਨ : ਦੱਖਣੀ ਸਿੰਧ ਸੂਬੇ ਦੇ ਗਵਰਨਰ ਕੋਰੋਨਾ ਦੀ ਲਪੇਟ ''ਚ
Tuesday, Apr 28, 2020 - 10:07 AM (IST)
ਕਰਾਚੀ- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਦੇ ਗਵਰਨਰ ਇਮਰਾਨ ਇਸਮਾਇਲ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਨ੍ਹਾਂ ਦੀ ਪਾਰਟੀ ਨੇ ਸੋਮਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਇਸਮਾਇਲ ਪਾਕਿਸਤਾਨੀ ਪੀ. ਐੱਮ. ਇਮਰਾਨ ਖਾਨ ਦੇ ਬੇਹੱਦ ਖਾਸ ਲੋਕਾਂ ਵਿਚੋਂ ਇਕ ਹੈ। ਇਮਰਾਨ ਇਸਮਾਇਲ ਨੇ ਕਿਹਾ ਕਿ ਉਹ ਇਸ ਬੀਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ। ਉਨ੍ਹਾਂ ਨੇ ਇਕ ਟਵੀਟ ਵਿਚ ਕਿਹਾ,"ਮੈਨੂੰ ਵਿਸ਼ਵਾਸ ਹੈ ਕਿ ਇਹ ਕੁਝ ਨਹੀਂ ਹੈ ਅਤੇ ਮੈਂ ਇਸ ਨਾਲ ਲੜਨ ਲਈ ਤਿਆਰ ਹਾਂ। ਅੱਲਾ ਸਾਨੂੰ ਇਸ ਬੀਮਾਰੀ ਨਾਲ ਲੜਨ ਦੀ ਹਿੰਮਤ ਦੇਵੇ।"
ਇਸ ਤੋਂ ਪਹਿਲਾਂ ਮਾਰਚ ਵਿਚ, ਸਿੰਧ ਦੇ ਸਿੱਖਿਆ ਮੰਤਰੀ ਸਈਦ ਗਨੀ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਗਏ ਸਨ। ਮੰਤਰੀ ਨੇ ਕਿਹਾ ਸੀ ਕਿ ਹਾਲਾਂਕਿ ਉਹ ਠੀਕ ਮਹਿਸੂਸ ਕਰ ਰਹੇ ਹਨ, ਪਰ ਜੋ ਲੋਕ ਉਨ੍ਹਾਂ ਦੇ ਸੰਪਰਕ ਵਿਚ ਸਨ, ਉਨ੍ਹਾਂ ਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਸਾਈਦ ਗਨੀ ਇਸ ਦੇ ਬਾਅਦ ਆਈਸੋਲੇਸ਼ਨ ਵਿਚ ਚਲੇ ਗਏ ਤੇ ਬਾਅਦ ਵਿਚ ਠੀਕ ਹੋ ਗਏ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ 293 ਹੋ ਗਈ ਹੈ, ਜਦਕਿ ਸੋਮਵਾਰ ਨੂੰ ਕੁਲ ਮਾਮਲਿਆਂ ਦੀ ਗਿਣਤੀ ਵੱਧ ਕੇ 13,947 ਹੋ ਗਈ ਹੈ। ਸਿੰਧ ਵਿਚ ਕਈ ਪੁਲਸ ਵਾਲੇ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।