ਖਾਲਿਸਤਾਨੀਆਂ ਨੂੰ ਸਮਰਥਨ ਦੇਣ ਕੈਨੇਡਾ ਪਹੁੰਚਿਆ ਪਾਕਿ ਕੌਂਸਲੇਟ

Saturday, Sep 24, 2022 - 06:03 PM (IST)

ਖਾਲਿਸਤਾਨੀਆਂ ਨੂੰ ਸਮਰਥਨ ਦੇਣ ਕੈਨੇਡਾ ਪਹੁੰਚਿਆ ਪਾਕਿ ਕੌਂਸਲੇਟ

ਜਲੰਧਰ (ਇੰਟਨੈਸ਼ਨਲ ਡੈਸਕ)- ਭਾਰਤ ਨੇ ਹਾਲ ਹੀ ਵਿਚ ਕੈਨੇਡਾ ਵਿਚ ਹੋਏ ਖਾਲਿਸਤਾਨ ਦੇ ਰੈਫਰੈਂਡਮ ’ਤੇ ਆਪਣੀ ਨਾਰਾਜ਼ਗੀ ਪ੍ਰਗਟਾਉਂਦੇ ਹੋਏ ਉਸਨੂੰ ਇਤਰਾਜ਼ਯੋਗ ਦੱਸਿਆ ਹੈ, ਉਥੇ ਹੀ ਗੁਆਂਢੀ ਮੁਲਕ ਪਾਕਿਸਤਾਨ ਖਾਲਿਸਤਾਨੀਆਂ ਨੂੰ ਮੋਹਰਾ ਬਣਾ ਕੇ ਪੂਰੇ ਦੇਸ਼ ਦਾ ਮਾਹੌਲ ਖ਼ਰਾਬ ਕਰਨ ਵਿਚ ਲੱਗਿਆ ਹੋਇਆ ਹੈ। ਸਰਹੱਦ ’ਤੇ ਆਈ. ਐੱਸ. ਆਈ. ਵਲੋਂ ਹਥਿਆਰਾਂ ਦੀ ਖੇਪ ਨੂੰ ਪਹੁੰਚਾਉਣ ਦੀਆਂ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਪਾਕਿਸਤਾਨੀ ਵੀ ਖਾਲਿਸਤਾਨ ਦੀ ਮੰਗ ਨੂੰ ਹਵਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਕ ਮੀਡੀਆ ਰਿਪੋਰਟ ਵਿਚ ਵੱਡਾ ਖੁਲਾਸਾ ਕਰਦਿਆਂ ਕਿਹਾ ਗਿਆ ਹੈ ਕਿ ਜਿਸ ਦਿਨ ਕੈਨੇਡਾ ਦੇ ਬਰੈਂਪਟਨ ਵਿਚ ਤਥਾਕਥਿਤ ਸਿੱਖ ਰੈਫਰੈਂਡਮ ਆਯੋਜਿਤ ਕੀਤਾ ਗਿਆ, ਉਸ ਦਿਨ ਪਾਕਿਸਤਾਨੀ ਕੌਂਸਲੇਟ ਜਨਰਲ ਜਨਬਾਜ਼ ਖਾਨ ਨੇ ਵੈਨਕੂਵਰ ਵਿਚ ਦੋ ਖਾਲਿਸਤਾਨੀ ਸਮਰਥਕ ਗੁਰਦੁਆਰਿਆਂ ਦਾ ਦੌਰਾ ਕੀਤਾ ਸੀ। ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਤੋਂ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਹੜ੍ਹ ਰਾਹਤ ਦੇਣ ਲਈ ਜਨਬਾਜ਼ ਖਾਨ ਗੁਰਦੁਆਰਿਆਂ ਦੇ ਅਹੁਦੇਦਾਰਾਂ ਦਾ ਸ਼ੁੱਕਰੀਆ ਕਰਨ ਪਹੁੰਚੇ ਸਨ।

ਭਾਰਤ ’ਚ ਪਾਕਿਸਤਾਨੀ ਹਾਈ ਕਮਿਸ਼ਨ ਵਿਚ ਜਨਬਾਜ਼ ਖਾਨ ਨੇ 2 ਕਾਰਜਕਾਲ ਪੂਰੇ ਕੀਤੇ ਹਨ। ਉਨ੍ਹਾਂ ਨੇ 18 ਸਤੰਬਰ ਨੂੰ ਸਰੀਂ ਵਿਚ ਖਾਲਿਸਤਾਨ ਸਮਰਥਕ ਸ਼੍ਰੀ ਦਸ਼ਮੇਸ਼ ਦਰਬਾਰ ਅਤੇ ਗੁਰੂ ਨਾਨਕ ਸਿੱਖ ਗੁਰਦੁਆਰਾ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਆਪਣੇ ਵਪਾਰਕ ਦੂਤਾਵਾਸ ਦੇ ਦੋ ਅਧਿਕਾਰੀਆਂ ਨਾਲ ਵੱਖਵਾਦੀ ਅਹੁਦੇਦਾਰਾਂ ਨਾਲ ਗੁਪਤ ਮੀਟਿੰਗਾਂ ਕੀਤੀਆਂ। ਦੱਸਿਆ ਜਾ ਰਿਹਾ ਹੈ ਕਿ ਜਿਸ ਅੱਤਵਾਦੀ ਹਰਦੀਪ ਸਿੰਘ ਨਿੱਝਰ ’ਤੇ ਐੱਨ. ਆਈ. ਏ. ਨੇ ਹਾਲ ਹੀ ਵਿਚ 10 ਲੱਖ ਰੁਪਏ ਦਾ ਇਨਾਮ ਰੱਖਿਆ ਹੈ ਉਹ ਗੁਰੂ ਨਾਨਕ ਸਿੱਖ ਗੁਰਦੁਆਰਾ ਦਾ ਪ੍ਰਧਾਨ ਹੈ। ਉਹ ਪੰਜਾਬ ਦੇ ਫਿਲੌਰ ਵਿਚ ਹਿੰਦੂ ਪੁਜਾਰੀ ਦੀ ਹੱਤਿਆ ਦੀ ਸਾਜਿਸ਼ ਸਮੇਤ ਸਿੱਖ ਕੱਟੜਪੰਥ ਨਾਲ ਜੁੜੇ ਐੱਨ. ਆਈ. ਏ. ਮਾਮਲਿਆਂ ਵਿਚ ਲੋੜੀਂਦਾ ਹੈ। ਦਸ਼ਮੇਸ਼ ਦਰਬਾਰ ਵੀ ਵੱਖਵਾਦੀਆਂ ਅਤੇ ਨਿੱਝਰ ਦੇ ਦੋਸਤਾਂ ਵਲੋਂ ਚਲਾਇਆ ਜਾਂਦਾ ਹੈ।

ਰੈਫਰੈਂਡਮ ਨੂੰ ਰੋਕ ਨਹੀਂ ਸਕੀ ਕੈਨੇਡਾ ਸਰਕਾਰ

ਹਾਲਾਂਕਿ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ 16 ਸਤੰਬਰ ਨੂੰ ਦਾਅਵਾ ਕਰਦੇ ਹੋਏ ਕਿਹਾ ਸੀ ਕਿ ਉਹ ਤਥਾਕਥਿਤ ਰੈਫਰੈਂਡਮ ਨੂੰ ਮਾਨਤਾ ਨਹੀਂ ਦੇਵੇਗੀ। ਸਰਕਾਰ ਨੇ ਇਹ ਵੀ ਕਿਹਾ ਸੀ ਕਿ ਉਹ ਭਾਰਤ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਨਮਾਨ ਕਰਦੀ ਹੈ। ਜਦਕਿ ਕੈਨੇਡਾ ਵਿਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਵੋਟ ਬੈਂਕ ਦੀਆਂ ਮਜਬੂਰੀਆਂ ਕਾਰਨ ਕੈਨੇਡਾ ਸਰਕਾਰ ਨੇ ਇਸਨੂੰ ਰੋਕਣ ਦੀ ਬਹੁਤ ਘੱਟ ਕੋਸ਼ਿਸ਼ ਕੀਤੀ। ਕੱਟੜਪੰਥੀ ਸਿੱਖ ਭਾਈਚਾਰੇ ਦਰਮਿਆਨ ਭਾਰਤ ਵਿਰੋਧੀ ਰਵੱਈਆ ਅਜੇ ਵੀ ਕਾਇਮ ਹੈ।

ਅੱਤਵਾਦੀਆਂ ਦੇ ਸਿਰ ’ਤੇ ਪਾਕਿਸਤਾਨ ਦਾ ਹੱਥ

ਇਹ ਗੱਲ ਹੁਣ ਹਰ ਕਿਸੇ ਨੂੰ ਪਤਾ ਹੈ ਕਿ ਪਾਕਿਸਤਾਨੀ ਆਈ. ਐੱਸ. ਆਈ. ਇਸ ਸਿੱਖ ਵੱਖਵਾਦੀ ਅੰਦੋਲਨ ਦੇ ਪਿੱਛੇ ਮੁੱਖ ਖਿਡਾਰੀ ਹੈ। ਭਾਰਤ ਦੇ ਕਈ ਮੋਸਟ ਵਾਂਟੇਡ ਗੈਂਗਸਟਰ ਲਾਹੌਰ ਦੀ ਸ਼ਰਨ ਵਿਚ ਹਨ। ਭਾਰਤ ਨੇ ਪਾਕਿਸਤਾਨ ਵਿਚ ਲੁਕੇ ਗੈਂਗਸਟਰਾਂ ਨੂੰ ਦੇਸ਼ ਵਾਪਸ ਭੇਜਣ ਲਈ ਇਸਲਾਮਾਬਾਦ ਨੂੰ ਡੋਜੀਅਰ ਸੌਂਪਿਆ ਹੈ, ਪਰ ਹੁਣ ਤੱਕ ਇਸ ’ਤੇ ਪਾਕਿਸਤਾਨ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ, ਜਿਸ ਨਾਲ ਇਕ ਗੱਲ ਤਾਂ ਸਾਬਿਤ ਹੋ ਹੀ ਜਾਂਦੀ ਹੈ ਕਿ ਆਈ. ਐੱਸ. ਆਈ. ਪਾਕਿਸਤਾਨ ਵਿਚ ਲੁਕੇ ਅੱਤਵਾਦੀਆਂ ਨੂੰ ਭਾਰਤ ਵਿਚ ਮਾਹੌਲ ਖਰਾਬ ਕਰਨ ਲਈ ਇਸਤੇਮਾਲ ਕਰ ਰਹੀ ਹੈ।

ਵਿਦੇਸ਼ ਮੰਤਰਾਲਾ ਨੇ ਭਾਰਤੀ ਵਿਦਿਆਰਥੀਆਂ ਨੂੰ ਕੀਤੀ ਚੌਕਸ ਰਹਿਣ ਦੀ ਅਪੀਲ

ਵਿਦੇਸ਼ ਮੰਤਰਾਲਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੈਨੇਡਾ ਵਿਚ ਨਫਰਤ ਅਪਰਾਧ (ਹੇਟ ਕ੍ਰਾਈਮ), ਨਸਲੀ ਹਿੰਸਾ ਅਤੇ ਭਾਰਤ ਵਿਰੋਧੀ ਸਰਗਰਮੀਆਂ ਨਾਲ ਜੁੜੀਆਂ ਘਟਨਾਵਾਂ ਵਿਚ ਤੇਜ਼ੀ ਆਈ ਹੈ, ਇਸ ਦਰਮਿਆਨ ਉਥੇ ਭਾਰਤੀ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਸੁਚੇਤ ਅਤੇ ਚੌਕਸ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਵਿਦੇਸ਼ ਮੰਤਰਾਲਾ ਅਤੇ ਕੈਨੇਡਾ ਵਿਚ ਸਾਡੇ ਹਾਈ ਕਮਿਸ਼ਨ ਅਤੇ ਵਪਾਰਕ ਦੂਤਾਵਾਸ ਨੇ ਉਥੋਂ ਦੇ ਪ੍ਰਸ਼ਾਸਨ ਦੇ ਸਾਹਮਣੇ ਇਨ੍ਹਾਂ ਘਟਨਾਵਾਂ ਨੂੰ ਚੁੱਕਿਆ ਹੈ ਅਤੇ ਅਜਿਹੇ ਅਪਰਾਧ ਦੀ ਜਾਂਚ ਕਰਨ ਅਤੇ ਅਨੁਕੂਲ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ।


author

cherry

Content Editor

Related News