ਕਾਲਜ ਵਿਦਿਆਰਥਣ ਨਾਲ ਦਰਿੰਦਗੀ ਖਿਲਾਫ ਪੰਜਾਬ ਭਰ ''ਚ ਫੈਲਿਆ ਵਿਦਿਆਰਥੀਆਂ ਦਾ ਅੰਦੋਲਨ
Tuesday, Oct 15, 2024 - 09:59 PM (IST)
ਲਾਹੌਰ (ਭਾਸ਼ਾ) : ਪਾਕਿਸਤਾਨ ਦੇ ਲਾਹੌਰ ਵਿਚ ਇਕ ਕਾਲਜ ਵਿਚ ਇਕ ਵਿਦਿਆਰਥਣ ਨਾਲ ਹੋਏ ਕਥਿਤ ਜਬਰ ਜਨਾਹ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਸੂਬੇ ਦੀ ਨੈਸ਼ਨਲ ਅਸੈਂਬਲੀ ਦੇ ਬਾਹਰ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੀਆਂ ਵਿਦਿਆਰਥਣਾਂ ਨੇ ਲਾਹੌਰ ਦੇ ਇੱਕ ਕਾਲਜ ਵਿੱਚ ਵਿਦਿਆਰਥਣ ਨਾਲ ਜਬਰ ਜਨਾਹ ਦੇ ਮਾਮਲੇ, ਪੰਜਾਬ ਮਹਿਲਾ ਕਾਲਜ 'ਚ ਛੇੜਛਾੜ ਦੀ ਘਟਨਾ ਅਤੇ ਵਿਦਿਆਰਥਣਾਂ ਖ਼ਿਲਾਫ਼ ਹਾਲ ਹੀ 'ਚ ਹੋਈ ਹਿੰਸਾ ਦੀ ਜਾਂਚ ਲਈ ਸੁਤੰਤਰ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਮੈਂਬਰਾਂ, ਵਿਦਿਆਰਥੀ ਪ੍ਰਤੀਨਿਧੀਆਂ ਵਾਲੀ ਕਮੇਟੀ ਬਣਾਉਣ ਦੀ ਮੰਗ ਕੀਤੀ।
ਇਸੇ ਦੌਰਾਨ ਲਾਹੌਰ 'ਚ ਇੱਕ ਕਾਲਜ ਵਿਦਿਆਰਥਣ ਨਾਲ ਹੋਏ ਕਥਿਤ ਬਲਾਤਕਾਰ ਖ਼ਿਲਾਫ਼ ਵਿਦਿਆਰਥੀਆਂ ਦਾ ਅੰਦੋਲਨ ਪੰਜਾਬ ਸੂਬੇ ਦੇ ਹੋਰ ਸ਼ਹਿਰਾਂ 'ਚ ਵੀ ਫੈਲ ਗਿਆ। ਲਾਹੌਰ ਦੇ ਗੁਲਬਰਗ ਗਰਲਜ਼ ਕਾਲਜ ਦੀ ਇਕ ਵਿਦਿਆਰਥਣ ਨਾਲ ਇੰਸਟੀਚਿਊਟ ਦੇ 'ਬੇਸਮੈਂਟ' ਵਿਚ ਕਥਿਤ ਤੌਰ 'ਤੇ ਜਬਰ-ਜ਼ਨਾਹ ਕੀਤੇ ਜਾਣ ਦੀਆਂ ਖਬਰਾਂ ਆਉਣ ਤੋਂ ਬਾਅਦ ਸੋਮਵਾਰ ਸਵੇਰੇ ਪੰਜਾਬ ਗਰੁੱਪ ਆਫ ਕਾਲਜਿਜ਼ ਦੇ ਘੱਟੋ-ਘੱਟ ਚਾਰ ਕੈਂਪਸ 'ਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ। ਪੁਲਸ ਨੇ ਸ਼ੱਕੀ ਨੂੰ ਆਪਣੀ ਹਿਰਾਸਤ 'ਚ ਲੈਣ ਦਾ ਦਾਅਵਾ ਕੀਤਾ ਹੈ ਪਰ ਪੁੱਛਗਿੱਛ ਦੌਰਾਨ ਉਸ ਨੇ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਪੰਜਾਬ ਸੂਬੇ ਦੀ ਸੂਚਨਾ ਮੰਤਰੀ ਉਜ਼ਮਾ ਬੁਖਾਰੀ ਨੇ ਦਾਅਵਾ ਕੀਤਾ ਕਿ ਕਿਸੇ ਵੀ ਕਾਲਜ ਦੇ ਕੈਂਪਸ ਵਿੱਚ ਜਬਰ ਜਨਾਹ ਦੀ ਕੋਈ ਘਟਨਾ ਨਹੀਂ ਵਾਪਰੀ।
ਬੁਖਾਰੀ ਨੇ ਕਿਹਾ ਕਿ ਕਾਲਜ ਕੈਂਪਸ ਵਿੱਚ ਜਬਰ ਜਨਾਹ ਦੀ ਘਟਨਾ ਦੀਆਂ ਝੂਠੀਆਂ ਖ਼ਬਰਾਂ ਫੈਲਾ ਕੇ ਲਾਹੌਰ ਅਤੇ ਪੰਜਾਬ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਘਟਨਾ ਨੂੰ ਲੈ ਕੇ ਮੰਗਲਵਾਰ ਨੂੰ ਪੰਜਾਬ ਸੂਬੇ ਦੇ ਮੁਲਤਾਨ, ਵੇਹਾੜੀ, ਜ਼ਫਰਵਾਲ, ਜਹਾਨੀਆ ਅਤੇ ਫੈਸਲਾਬਾਦ ਸ਼ਹਿਰਾਂ 'ਚ ਵੱਡੇ ਪੱਧਰ 'ਤੇ ਪ੍ਰਦਰਸ਼ਨ ਹੋਏ। ਲਾਹੌਰ ਵਿੱਚ ਪ੍ਰੋਗਰੈਸਿਵ ਸਟੂਡੈਂਟਸ ਕਲੈਕਟਿਵ ਦੇ ਬੈਨਰ ਹੇਠ ਹੋਈ ਇਸ ਰੈਲੀ ਵਿੱਚ ਸ਼ਹਿਰ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਸ਼ੋਸ਼ਣ ਵਿਰੋਧੀ ਕਾਨੂੰਨਾਂ ਅਤੇ ਪ੍ਰਕਿਰਿਆਵਾਂ ਬਾਰੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਨ੍ਹਾਂ ਨਾਲ ਸਬੰਧਤ ਜਾਣਕਾਰੀ ਨੂੰ ਵਿਦਿਅਕ ਪਾਠਕ੍ਰਮ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ।
ਮੁਲਤਾਨ 'ਚ ਪੰਜਾਬ ਕਾਲਜ ਦੇ ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ, ਜਿਸ ਕਾਰਨ ਪੁਲਸ ਨੇ ਲਾਠੀਚਾਰਜ ਕੀਤਾ ਅਤੇ ਕਈ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ, ਜਦਕਿ ਜ਼ਫਰਵਾਲ 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੇ ਮੁੱਖ ਜੀ.ਟੀ ਰੋਡ 'ਤੇ ਟਾਇਰ ਸਾੜ ਕੇ ਸੜਕਾਂ ਜਾਮ ਕਰ ਦਿੱਤੀਆਂ। ਸੋਮਵਾਰ ਨੂੰ ਪ੍ਰਦਰਸ਼ਨ ਦੌਰਾਨ ਪੁਲਸ ਨਾਲ ਝੜਪਾਂ 'ਚ ਘੱਟੋ-ਘੱਟ 28 ਵਿਦਿਆਰਥੀ ਜ਼ਖ਼ਮੀ ਹੋ ਗਏ। ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਦੋਸ਼ ਲਾਇਆ ਕਿ ਪ੍ਰਸ਼ਾਸਨ ਨੇ ਘਟਨਾ ਨੂੰ ਢੱਕਣ ਦੀ ਕੋਸ਼ਿਸ਼ 'ਚ ਕੈਂਪਸ 'ਚ ਅਤੇ ਆਲੇ-ਦੁਆਲੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਨੂੰ ਡਿਲੀਟ ਕਰ ਦਿੱਤਾ ਹੈ।