ਪਾਕਿ ਸਰਕਾਰ ਨੇ ਦਿੱਤੇ ਪਾਬੰਦੀਸ਼ੁਦਾ ਸੰਗਠਨਾਂ ਦੀ ਜਾਇਦਾਦ ਜ਼ਬਤ ਕਰਨ ਦੇ ਹੁਕਮ
Tuesday, Mar 05, 2019 - 07:21 PM (IST)

ਇਸਲਾਮਾਬਾਦ— ਪਾਕਿਸਤਾਨ ਨੇ ਸਰਕਾਰ ਯੂ.ਐੱਨ. ਸੁਰੱਖਿਆ ਕੌਂਸਲ ਵਲੋਂ ਐਲਾਨੀਆਂ ਪਾਬੰਦੀਸ਼ੁਦਾ ਸੰਗਠਨਾਂ ਨਾਲ ਜੁੜੇ ਲੋਕਾਂ ਅਤੇ ਇਕਾਈਆਂ ਵਿਰੁੱਧ ਪਾਬੰਦੀਆਂ 'ਤੇ ਅਮਲ ਕਰਨ ਦੀ ਪ੍ਰਕਿਰਿਆ ਨੂੰ ਅਸਰਦਾਰ ਬਣਾਉਣ ਦੇ ਹੁਕਮ ਜਾਰੀ ਕੀਤੇ ਹਨ। ਇਸ ਅਧੀਨ ਉਕਤ ਸਭ ਸੰਗਠਨਾਂ ਦੀ ਜਾਇਦਾਦ ਜ਼ਬਤ ਹੋਵੇਗੀ।
ਇਸ ਸਬੰਧੀ ਹੁਕਮ ਯੂ. ਐੱਨ. ਸੁਰੱਖਿਆ ਕੌਂਸਲ (ਜ਼ਬਤੀ) ਹੁਕਮ 2019 ਅਧੀਨ ਜਾਰੀ ਕੀਤਾ ਗਿਆ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲਾ ਦੇ ਇਕ ਬੁਲਾਰੇ ਮੁਹੰਮਦ ਫੈਸਲ ਨੇ ਮੰਗਲਵਾਰ ਦੱਸਿਆ ਕਿ ਹੁਕਮ ਮੁਤਾਬਕ ਸਰਕਾਰ ਨੇ ਦੇਸ਼ 'ਚ ਚੱਲ ਰਹੇ ਸਭ ਗੈਰ–ਕਾਨੂੰਨੀ ਸੰਗਠਨਾਂ 'ਤੇ ਕੰਟਰੋਲ ਕਰ ਲਿਆ ਹੈ। ਹੁਣ ਇਨ੍ਹਾਂ ਸਭ ਸੰਗਠਨਾਂ ਦੀ ਹਰ ਤਰ੍ਹਾਂ ਦੀ ਜਾਇਦਾਦ ਸਰਕਾਰ ਦੇ ਕੰਟਰੋਲ 'ਚ ਹੋਵੇਗੀ। ਸਰਕਾਰ ਨੇ ਉਕਤ ਸੰਗਠਨਾਂ ਦੀਆਂ ਦਾਨ ਸ਼ਾਖਾਵਾਂ ਅਤੇ ਐਂਬੂਲੈਂਸਾਂ ਨੂੰ ਵੀ ਜ਼ਬਤ ਕਰੇਗੀ।
ਫੈਸਲ ਨੇ ਕਿਹਾ ਕਿ ਇਸ ਹੁਕਮ ਦਾ ਉਦੇਸ਼ ਨਾਮਜ਼ਦ ਵਿਅਕਤੀਆਂ ਤੇ ਸੰਗਠਨਾਂ ਦੇ ਖਿਲਾਫ ਸੁਰੱਖਿਆ ਕੌਂਸਲ ਪਾਬੰਦੀਆਂ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਪੁਖਤਾ ਕਰਨਾ ਹੈ। ਇਸ ਤੋਂ ਇਲਾਵਾ ਸੋਮਵਾਰ ਨੂੰ ਰਾਸ਼ਟਰੀ ਕਾਰਜ ਯੋਜਨਾ ਦੇ ਲਾਗੂ 'ਤੇ ਚਰਚਾ ਕਰਨ ਲਈ ਗ੍ਰਹਿ ਮੰਤਰਾਲੇ 'ਚ ਇਕ ਉੱਚ ਪੱਧਰੀ ਬੈਠਕ ਆਯੋਜਿਤ ਕੀਤੀ ਗਈ ਸੀ। ਮੰਤਰਾਲੇ ਨੇ ਸਾਰੀਆਂ ਸੂਬਾਈ ਸਰਕਾਰਾਂ ਨੂੰ ਪਾਬੰਦੀਸ਼ੁਦਾ ਸੰਗਠਨਾਂ ਖਿਲਾਫ ਕਾਰਵਾਈ ਤੇਜ਼ ਕਰਨ ਦੇ ਹੁਕਮ ਦਿੱਤੇ ਹਨ।