ਪਾਕਿਸਤਾਨ ''ਚ ਇਮਰਾਨ ਖਾਨ ਦੀ ਪਾਰਟੀ ਦੇ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਤੋਂ ਪਹਿਲਾਂ ਸੁਰੱਖਿਆ ਦੇ ਸਖਤ ਇੰਤਜ਼ਾਮ
Saturday, Nov 23, 2024 - 06:19 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿਚ ਪੁਲਸ ਪ੍ਰਸ਼ਾਸਨ ਨੇ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਵਲੋਂ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਰਾਸ਼ਟਰੀ ਰਾਜਧਾਨੀ ਇਸਲਾਮਾਬਾਦ ਦੇ ਮੁੱਖ ਪ੍ਰਵੇਸ਼ ਪੁਆਇੰਟਾਂ ਨੂੰ ਬੰਦ ਕਰਨਾ ਸ਼ੁਰੂ ਕਰ ਦਿੱਤਾ। ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਦੇ ਸੰਸਥਾਪਕ ਇਮਰਾਨ ਖਾਨ ਨੇ ਵਿਰੋਧ ਪ੍ਰਦਰਸ਼ਨਾਂ ਲਈ 'ਆਖਰੀ ਕਾਲ' ਦਿੱਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ ਇਸਲਾਮਾਬਾਦ ਤੱਕ ਮਾਰਚ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਉਹ ਇਮਰਾਨ ਖਾਨ ਸਮੇਤ ਪੀ.ਟੀ.ਆਈ. ਦੇ ਸਾਰੇ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਸਕਣ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਮਰਥਕਾਂ ਨੂੰ 8 ਫਰਵਰੀ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਕਥਿਤ ਜਿੱਤ ਨੂੰ ਮਾਨਤਾ ਦੇਣ ਤੋਂ ਇਲਾਵਾ 26ਵੀਂ ਸੰਵਿਧਾਨਕ ਸੋਧ ਨੂੰ ਰੱਦ ਕਰਨ ਦੀ ਮੰਗ ਕਰਨ ਲਈ ਵੀ ਕਿਹਾ। 26ਵੀਂ ਸੰਵਿਧਾਨਕ ਸੋਧ ਨੇ ਜੱਜਾਂ ਅਤੇ ਚੀਫ਼ ਜਸਟਿਸ ਦੀ ਨਿਯੁਕਤੀ ਦੀ ਪ੍ਰਕਿਰਿਆ ਨੂੰ ਬਦਲ ਦਿੱਤਾ ਹੈ। ਨੈਸ਼ਨਲ ਮੋਟਰਵੇਜ਼ ਐਂਡ ਹਾਈਵੇਅ ਅਥਾਰਟੀ ਨੇ ਮੁਰੰਮਤ ਦੇ ਕੰਮ ਦਾ ਹਵਾਲਾ ਦਿੰਦੇ ਹੋਏ M-1 ਅਤੇ M-2 ਮੋਟਰਵੇਅ ਦੇ ਨਾਲ-ਨਾਲ ਹੋਰ ਪ੍ਰਮੁੱਖ ਮਾਰਗਾਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਬੇਰੂਤ 'ਚ ਇਜ਼ਰਾਇਲੀ ਹਮਲਿਆਂ 'ਚ 11 ਲੋਕਾਂ ਦੀ ਮੌਤ, ਕਈ ਜ਼ਖਮੀ
ਪੇਸ਼ਾਵਰ ਅਤੇ ਲਾਹੌਰ ਨੂੰ ਇਸਲਾਮਾਬਾਦ ਨਾਲ ਜੋੜਨ ਵਾਲੇ M-1 ਅਤੇ M-2 ਮਹੱਤਵਪੂਰਨ ਰਸਤੇ ਹਨ, ਜੋ ਅਕਸਰ ਰਾਜਧਾਨੀ ਵੱਲ ਜਾਣ ਲਈ ਪ੍ਰਦਰਸ਼ਨਕਾਰੀਆਂ ਦੁਆਰਾ ਵਰਤੇ ਜਾਂਦੇ ਹਨ। ਸੁਰੱਖਿਆ ਨੂੰ ਮਜ਼ਬੂਤ ਕਰਨ ਲਈ, ਪਾਕਿਸਤਾਨ ਦੀ ਸੰਘੀ ਸਰਕਾਰ ਨੇ ਰਾਜਧਾਨੀ ਵਿੱਚ ਵਿਵਸਥਾ ਬਣਾਈ ਰੱਖਣ ਵਿੱਚ ਪੁਲਸ ਦੀ ਸਹਾਇਤਾ ਲਈ ਅਰਧ ਸੈਨਿਕ ਰੇਂਜਰਾਂ ਅਤੇ ਫਰੰਟੀਅਰ ਕੋਰ (ਐੱਫ.ਸੀ.) ਦੇ ਕਰਮਚਾਰੀਆਂ ਨੂੰ ਬੁਲਾਇਆ ਹੈ। ਵਾਧੂ ਸੁਰੱਖਿਆ ਉਪਾਅ ਕਰਦੇ ਹੋਏ, ਸੰਘੀ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਸਾਰੇ ਹੋਸਟਲਾਂ ਨੂੰ ਖਾਲੀ ਕਰਵਾ ਦਿੱਤਾ। ਪੰਜਾਬ ਸਰਕਾਰ ਨੇ ਵੀ 23 ਨਵੰਬਰ ਤੋਂ 25 ਨਵੰਬਰ ਤੱਕ ਪੂਰੇ ਸੂਬੇ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ, ਜਿਸ ਤਹਿਤ ਧਰਨੇ-ਮੁਜ਼ਾਹਰੇ, ਜਨਤਕ ਮੀਟਿੰਗਾਂ, ਰੈਲੀਆਂ ਅਤੇ ਧਰਨਿਆਂ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸੇ ਤਰ੍ਹਾਂ ਇਸਲਾਮਾਬਾਦ ਵਿੱਚ ਵੀ 18 ਨਵੰਬਰ ਤੋਂ ਧਾਰਾ 144 ਲਾਗੂ ਹੈ।
ਇਹ ਵੀ ਪੜ੍ਹੋ: ਕੈਂਸਰ ਦੇ ਫੈਲਣ ਨੂੰ ਰੋਕ ਸਕਦੈ ਕੋਵਿਡ ਇਨਫੈਕਸ਼ਨ!
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8