ਭਾਰਤ ਦੇ ਇਤਿਹਾਸਕ ਫੈਸਲੇ ''ਤੇ ਬੌਖਲਾਏ ਪਾਕਿ ਫੌਜ ਦੇ ਬੁਲਾਰੇ
Tuesday, Aug 06, 2019 - 09:02 AM (IST)

ਇਸਲਾਮਾਬਾਦ— ਜੰਮੂ-ਕਸ਼ਮੀਰ 'ਚੋਂ ਧਾਰਾ 370 ਅਤੇ 35-ਏ ਦੇ ਖਤਮ ਹੋਣ ਨਾਲ ਹੀ ਭਾਰਤ 'ਚ ਜਸ਼ਨ ਦਾ ਮਾਹੌਲ ਹੈ, ਜਿਸ ਨਾਲ ਪਾਕਿਸਤਾਨ ਨੂੰ ਸੇਕ ਲੱਗ ਰਿਹਾ ਹੈ। ਪਾਕਿਸਤਾਨ ਗਿੱਦੜ ਭਬਕੀਆਂ ਦੇ ਰਿਹਾ ਹੈ ਤੇ ਪੁੱਠੇ-ਸਿੱਧੇ ਬਿਆਨ ਦੇ ਕੇ ਆਪਣੀ ਭੜਾਸ ਕੱਢ ਰਿਹਾ ਹੈ।
ਹੁਣ ਪਾਕਿਸਤਾਨੀ ਫੌਜ ਦੇ ਬੁਲਾਰੇ ਆਸਿਫ ਗਫੂਰ ਨੇ ਕਿਹਾ ਕਿ ਪਾਕਿਸਤਾਨ ਕਸ਼ਮੀਰ ਦੇ ਲੋਕਾਂ ਦੀ ਰੱਖਿਆ ਕਰਨ ਲਈ ਤਿਆਰ ਹੈ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵ ਤਹਿਤ ਉੱਥੋਂ ਦੇ ਲੋਕਾਂ ਦੇ ਅਧਿਕਾਰਾਂ ਲਈ ਮਜ਼ਬੂਤੀ ਨਾਲ ਖੜ੍ਹਾ ਰਹੇਗਾ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਬਿਆਨ ਦਿੱਤਾ ਸੀ ਕਿ ਉਹ ਭਾਰਤ ਸਰਕਾਰ ਵਲੋਂ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਸਬੰਧੀ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਨ ਖਿਲਾਫ ਸਾਰੇ ਬਦਲਾਂ ਦਾ ਇਸਤੇਮਾਲ ਕਰੇਗਾ।
ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਭਾਰਤ ਦੇ ਇਤਿਹਾਸਕ ਫੈਸਲੇ ਮਗਰੋਂ ਮੰਗਲਵਾਰ ਨੂੰ ਸੰਸਦ ਦੀ ਇਕ ਖਾਸ ਬੈਠਕ ਬੁਲਾਈ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਮੰਗਲਵਾਰ ਭਾਵ ਅੱਜ ਸਵੇਰੇ 11 ਵਜੇ ਇਸ ਮੁੱਦੇ 'ਤੇ ਸਮੀਖਿਆ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਮੋਦੀ ਸਰਕਾਰ ਨੇ ਸੋਮਵਾਰ ਨੂੰ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਅਤੇ 35-ਏ ਨੂੰ ਖਤਮ ਕਰ ਦਿੱਤਾ ਹੈ ਅਤੇ ਰਾਜ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਭਾਵ ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਵੰਡਣ ਦਾ ਫੈਸਲਾ ਲਿਆ ਹੈ, ਜਿਸ ਨਾਲ ਇਨ੍ਹਾਂ ਦੋਹਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ ਦਾ ਵਿਕਾਸ ਹੋਵੇਗਾ ਤੇ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ।