ਪਾਕਿਸਤਾਨ ’ਚ ਨਵਾਂ ਵਿਵਾਦ ਸ਼ੁਰੂ, ਫੌਜ ਮੁਖੀ ਨੇ ਸਰਕਾਰ ਨੂੰ ਬੋਲਣ ਦੀ ਆਜ਼ਾਦੀ ’ਤੇ ਰੋਕ ਲਗਾਉਣ ਦੀ ਕੀਤੀ ਅਪੀਲ
Monday, Nov 18, 2024 - 08:34 PM (IST)
ਗੁਰਦਾਸਪੁਰ/ਇਸਲਾਮਾਬਾਦ, (ਵਿਨੋਦ)- ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਬੋਲਣ ਦੀ ਆਜ਼ਾਦੀ ’ਤੇ ਪਾਬੰਦੀ ਲਗਾਉਣ ਦਾ ਸੱਦਾ ਦਿੱਤਾ ਹੈ ਕਿਉਂਕਿ ਉਸ ਨੇ ਦਲੀਲ ਦਿੱਤੀ ਸੀ ਕਿ ਪ੍ਰਗਟਾਵੇ ਦੀ ਬੇਰੋਕ ਆਜ਼ਾਦੀ ਨੈਤਿਕ ਕਦਰਾਂ-ਕੀਮਤਾਂ ਦੀ ਉਲੰਘਣਾ ਹੈ।
ਜਨਰਲ ਮੁਨੀਰ ਦੀਆਂ ਟਿੱਪਣੀਆਂ ਇਸਲਾਮਾਬਾਦ ’ਚ ਮਾਰਗਲਾ ਡਾਇਲਾਗ 2024 ’ਚ ਆਪਣੇ ਸੰਬੋਧਨ ਦੌਰਾਨ ਆਈਆਂ, ਜਿਥੇ ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਸ਼ਾਂਤੀ ਅਤੇ ਸਥਿਰਤਾ ਲਈ ਇਹ ਜ਼ਰੂਰੀ ਹੈ। ਆਰਮੀ ਚੀਫ਼ ਦੇ ਇਸ ਬਿਆਨ ਤੋਂ ਬਾਅਦ ਪਾਕਿਸਤਾਨ ’ਚ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਸਰਹੱਦ ਪਾਰਲੇ ਸੂਤਰਾਂ ਮੁਤਾਬਕ ਮੁਨੀਰ ਨੇ ਕਿਹਾ ਕਿ ਗੁੰਮਰਾਹਕੁੰਨ ਅਤੇ ਗਲਤ ਗਿਆਨ ਦਾ ਫੈਲਾਅ ਇਕ ਵੱਡੀ ਚੁਣੌਤੀ ਹੈ। ਕਾਨੂੰਨ ਅਤੇ ਨਿਯਮ, ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ, ਨਫ਼ਰਤ ਭਰੇ ਭਾਸ਼ਣ ਸਿਆਸੀ ਅਤੇ ਸਮਾਜਿਕ ਢਾਂਚੇ ਨੂੰ ਅਸਥਿਰ ਕਰਦੇ ਰਹਿਣਗੇ।
ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਪਿਛਲੇ ਕਈ ਸਾਲਾਂ ਤੋਂ ਵੱਖ-ਵੱਖ ਸੋਸ਼ਲ ਮੀਡੀਆ ਮੁਹਿੰਮਾਂ ਦਾ ਨਿਸ਼ਾਨਾ ਰਹੀ ਹੈ, ਜੋ ਦੇਸ਼ ਦੇ ਸਿਆਸੀ ਅਤੇ ਸਮਾਜਿਕ ਢਾਂਚੇ ਦੇ ਅੰਦਰ ਵਿਆਪਕ ਤਣਾਅ ਨੂੰ ਦਰਸਾਉਂਦੀ ਹੈ। ਪਾਕਿਸਤਾਨ ਸਰਕਾਰ ਨੇ ਵੱਖ-ਵੱਖ ਉਪਾਵਾਂ ਰਾਹੀਂ ਇਸ ਅਸਹਿਮਤੀ ਨੂੰ ਦਬਾਉਣ ਲਈ ਕਦਮ ਚੁੱਕੇ ਹਨ। ਇਸ ਤੋਂ ਪਹਿਲਾਂ ਜਨਰਲ ਮੁਨੀਰ ਨੇ ਚਿਤਾਵਨੀ ਦਿੱਤੀ ਸੀ ਕਿ ਪਾਕਿਸਤਾਨ ਵਿਚ ਹਥਿਆਰਬੰਦ ਬਲਾਂ ਨੂੰ ਬਦਨਾਮ ਕਰਨ ਅਤੇ ਦੇਸ਼ ਵਿਚ ਅਰਾਜਕਤਾ ਅਤੇ ਗਲਤ ਜਾਣਕਾਰੀ ਫੈਲਾਉਣ ਲਈ ਸੋਸ਼ਲ ਮੀਡੀਆ ਦੀ ਵੱਡੇ ਪੱਧਰ ’ਤੇ ਵਰਤੋਂ ਕੀਤੀ ਜਾ ਰਹੀ ਹੈ, ਜਦ ਕਿ ਡਿਜ਼ੀਟਲ ਅੱਤਵਾਦ ਸ਼ਬਦ ਦੀ ਵਰਤੋਂ ਝੂਠ ਫੈਲਾਉਣ ਦੇ ਦੋਸ਼ੀ ਆਨਲਾਈਨ ਆਲੋਚਕਾਂ ਦੀਆਂ ਕਾਰਵਾਈਆਂ ਦਾ ਵਰਣਨ ਕਰਨ ਲਈ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸੰਵਿਧਾਨ ਪ੍ਰਗਟਾਵੇ ਦੀ ਆਜ਼ਾਦੀ ਦੀ ਇਜਾਜ਼ਤ ਦਿੰਦਾ ਹੈ ਪਰ ਇਸ ਵਿਚ ਪ੍ਰਗਟਾਵੇ ਦੀ ਆਜ਼ਾਦੀ ਦੀ ਸਪੱਸ਼ਟ ਸੀਮਾਵਾਂ ਵੀ ਸ਼ਾਮਲ ਹਨ, ਜਿਸ ਦਾ ਪਾਕਿਸਤਾਨ ’ਚ ਪਾਲਣ ਨਹੀਂ ਕੀਤਾ ਜਾ ਰਿਹਾ ਹੈ। ਇਸ ਸਮੇਂ ਆਗੂ ਜ਼ਿਆਦਾਤਰ ਪਾਕਿਸਤਾਨੀ ਫੌਜ ਦੇ ਖਿਲਾਫ ਬੋਲ ਰਹੇ ਹਨ, ਜਦ ਕਿ ਇਸ ਦੇ ਲਈ ਪਹਿਲਾਂ ਵਾਲੇ ਆਰਮੀ ਚੀਫ ਵੀ ਜ਼ਿੰਮੇਵਾਰ ਹਨ, ਜੋ ਰਾਜਨੀਤੀ ’ਚ ਸਿੱਧੀ ਦਖਲਅੰਦਾਜ਼ੀ ਕਰਦੇ ਰਹੇ ਹਨ।