ਭਾਰਤ 'ਚ ਮੋਸਟ ਵਾਂਟੇਡ 'ਮਸੂਦ' ਦੀ ਗ੍ਰਿਫ਼ਤਾਰੀ ਲਈ ਬੇਚੈਨ ਹੋਇਆ ਪਾਕਿਸਤਾਨ, ਤਾਲਿਬਾਨ ਨੂੰ ਲਿਖੀ ਚਿੱਠੀ

Wednesday, Sep 14, 2022 - 10:30 AM (IST)

ਭਾਰਤ 'ਚ ਮੋਸਟ ਵਾਂਟੇਡ 'ਮਸੂਦ' ਦੀ ਗ੍ਰਿਫ਼ਤਾਰੀ ਲਈ ਬੇਚੈਨ ਹੋਇਆ ਪਾਕਿਸਤਾਨ, ਤਾਲਿਬਾਨ ਨੂੰ ਲਿਖੀ ਚਿੱਠੀ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਨੇ ਜੈਸ਼-ਏ-ਮੁਹੰਮਦ ਦੇ ਨੇਤਾ ਮੌਲਾਨਾ ਮਸੂਦ ਅਜ਼ਹਰ ਦੀ ਗ੍ਰਿਫ਼ਤਾਰੀ ਲਈ ਅਫਗਾਨਿਸਤਾਨ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਨੂੰ ਮਸੂਦ ਅਜ਼ਹਰ ਨੂੰ ਲੱਭਣ, ਰਿਪੋਰਟ ਕਰਨ ਅਤੇ ਗ੍ਰਿਫ਼ਤਾਰ ਕਰਨ ਵਿੱਚ ਪਾਕਿਸਤਾਨ ਦੀ ਮਦਦ ਕਰਨੀ ਚਾਹੀਦੀ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਮਸੂਦ ਅਜ਼ਹਰ ਅਫਗਾਨਿਸਤਾਨ ਦੇ ਨੰਗਰਹਾਰ ਜਾਂ ਕੁਨਾਰ ਸੂਬੇ 'ਚ ਲੁਕਿਆ ਹੋ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨ ਦਾ ਇਹ ਕਦਮ ਆਪਣੇ ਦੇਸ਼ ਨੂੰ ਐੱਫ.ਏ.ਟੀ.ਐੱਫ. ਦੀ ਗ੍ਰੇ ਸੂਚੀ ਤੋਂ ਹਟਾਉਣ ਨਾਲ ਜੁੜਿਆ ਹੋਇਆ ਹੈ। 

ਮਸੂਦ ਅਜ਼ਹਰ ਨੂੰ 31 ਦਸੰਬਰ, 1999 ਨੂੰ ਇੰਡੀਅਨ ਏਅਰਲਾਈਨਜ਼ ਦੀ ਫਲਾਈਟ ਆਈਸੀ 814 ਨੂੰ ਹਾਈਜੈਕ ਕਰਨ ਤੋਂ ਬਾਅਦ ਮੁਸਾਫਰਾਂ ਦੀ ਰਿਹਾਈ ਦੇ ਬਦਲੇ ਦੋ ਹੋਰ ਅੱਤਵਾਦੀਆਂ ਸਮੇਤ ਭਾਰਤੀ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਸੀ। ਪਾਕਿਸਤਾਨ ਸਮਰਥਿਤ ਅੱਤਵਾਦੀ ਕਾਠਮੰਡੂ-ਦਿੱਲੀ ਫਲਾਈਟ ਨੂੰ ਹਾਈਜੈਕ ਕਰਨ ਤੋਂ ਬਾਅਦ ਅਫਗਾਨਿਸਤਾਨ ਦੇ ਕੰਧਾਰ ਲੈ ਗਏ ਸਨ।ਮਸੂਦ ਅਜ਼ਹਰ ਸੰਯੁਕਤ ਰਾਸ਼ਟਰ ਵੱਲੋਂ ਨਾਮਜ਼ਦ ਅੱਤਵਾਦੀ ਅਤੇ ਭਾਰਤ ਦਾ ਮੋਸਟ ਵਾਂਟੇਡ ਵੀ ਹੈ। 

ਪਾਕਿਸਤਾਨ ਨੇ ਕਿਹਾ- ਅਫਗਾਨਿਸਤਾਨ ਵਿੱਚ ਲੁਕਿਆ ਹੋਇਆ ਮਸੂਦ ਅਜ਼ਹਰ 

ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਇਕ ਅਧਿਕਾਰੀ ਨੇ ਕਿਹਾ ਕਿ ਅਸੀਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਇਕ ਪੰਨੇ ਦੀ ਚਿੱਠੀ ਲਿਖੀ ਹੈ। ਇਸ ਵਿਚ ਉਹਨਾਂ ਨੂੰ ਮਸੂਦ ਅਜ਼ਹਰ ਨੂੰ ਟਰੇਸ ਕਰਨ, ਰਿਪੋਰਟ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਕਿਹਾ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਕਿਤੇ ਲੁਕਿਆ ਹੋਇਆ ਹੈ। ਹਾਲਾਂਕਿ ਪਾਕਿਸਤਾਨ ਦੇ ਵਿਦੇਸ਼ ਦਫਤਰ ਦੇ ਬੁਲਾਰੇ ਨੇ ਇਸ ਮਾਮਲੇ 'ਤੇ ਕੋਈ ਅਧਿਕਾਰਤ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਹੈ। ਦੂਜੇ ਪਾਸੇ ਤਾਲਿਬਾਨ ਦੇ ਬੁਲਾਰੇ ਜ਼ਬੀਉੱਲ੍ਹਾ ਮੁਜਾਹਿਦ ਨੇ ਵੀ ਪਾਕਿਸਤਾਨ ਤੋਂ ਅਜਿਹਾ ਕੋਈ ਚਿੱਠੀ ਮਿਲਣ ਤੋਂ ਸਾਫ਼ ਇਨਕਾਰ ਕੀਤਾ ਹੈ। ਮੁਜਾਹਿਦ ਨੇ ਕਿਹਾ ਕਿ ਸਾਨੂੰ ਅਜੇ ਤੱਕ ਕੋਈ ਚਿੱਠੀ ਨਹੀਂ ਮਿਲੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ 'ਚ ਪਿਛਲੇ ਛੇ ਮਹੀਨਿਆਂ ਦੌਰਾਨ 2,000 ਤੋਂ ਵੱਧ ਬਾਲ ਸ਼ੋਸ਼ਣ ਦੇ ਮਾਮਲੇ ਦਰਜ

2002 'ਚ ਪਾਕਿਸਤਾਨ ਨੇ ਮਸੂਦ ਅਜ਼ਹਰ 'ਤੇ ਲਗਾਈ ਸੀ ਪਾਬੰਦੀ 

ਪਾਕਿਸਤਾਨ ਨੂੰ ਭੇਜੇ ਗਏ ਇੱਕ ਪੰਨੇ ਦੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਮਸੂਦ ਅਜ਼ਹਰ ਨੰਗਰਹਾਰ ਜਾਂ ਕੁਨਾਰ ਸੂਬੇ ਵਿੱਚ ਲੁਕਿਆ ਹੋ ਸਕਦਾ ਹੈ। ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਅਜ਼ਹਰ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਤੋਂ ਪਹਿਲਾਂ ਜਾਂ ਬਾਅਦ ਵਿਚ ਅਫਗਾਨਿਸਤਾਨ ਚਲਾ ਗਿਆ ਸੀ। ਪਾਕਿਸਤਾਨ ਨੇ 14 ਜਨਵਰੀ, 2002 ਨੂੰ ਜਨਰਲ ਪਰਵੇਜ਼ ਮੁਸ਼ੱਰਫ ਦੇ ਸ਼ਾਸਨ ਦੌਰਾਨ ਅੱਤਵਾਦ ਦੇ ਦੋਸ਼ਾਂ ਤਹਿਤ ਜੈਸ਼-ਏ-ਮੁਹੰਮਦ 'ਤੇ ਪਾਬੰਦੀ ਲਗਾ ਦਿੱਤੀ ਸੀ। ਜਿਸ ਤੋਂ ਬਾਅਦ ਉਸਦਾ ਨੇਤਾ ਆਈਐਸਆਈ ਦੀ ਸੁਰੱਖਿਆ ਕਸਟਡੀ ਵਿੱਚ ਚਲਾ ਗਿਆ।

2019 'ਚ ਮਸੂਦ ਅਜ਼ਹਰ ਦੇ 2 ਟਰੱਸਟਾਂ 'ਤੇ ਲਗਾਈ ਗਈ ਪਾਬੰਦੀ 

ਜੈਸ਼-ਏ-ਮੁਹੰਮਦ 'ਤੇ 17 ਸਾਲ ਦੀ ਪਾਬੰਦੀ ਤੋਂ ਬਾਅਦ ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ 10 ਮਈ, 2019 ਨੂੰ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਅਲ-ਰਹਿਮਤ ਟਰੱਸਟ, ਬਹਾਵਲਪੁਰ ਅਤੇ ਅਲ-ਫੁਰਕਾਨ ਟਰੱਸਟ, ਕਰਾਚੀ ਨਾਮਕ ਦੋ ਹੋਰ ਸੰਸਥਾਵਾਂ 'ਤੇ ਪਾਬੰਦੀ ਲਗਾ ਦਿੱਤੀ। ਇਹ ਦੋਵੇਂ ਟਰੱਸਟ ਮਸੂਦ ਅਜ਼ਹਰ ਦੇ ਅੱਤਵਾਦੀ ਸੰਗਠਨ ਦੇ ਨਕਾਬਪੋਸ਼ ਸਨ। ਉਨ੍ਹਾਂ ਦੇ ਜ਼ਰੀਏ ਹੀ ਜੈਸ਼ ਏਕ ਮੁਹੰਮਦ ਨੂੰ ਫੰਡਿੰਗ ਮਿਲਦੀ ਸੀ। ਹਾਲਾਂਕਿ ਆਪਣੇ ਟਰੱਸਟ 'ਤੇ ਪਾਬੰਦੀ ਤੋਂ ਬਾਅਦ ਵੀ ਮਸੂਦ ਅਜ਼ਹਰ ਨੇ ਕਈ ਹੋਰ ਸੰਸਥਾਵਾਂ ਅਤੇ ਟਰੱਸਟ ਖੋਲ੍ਹੇ ਹੋਏ ਹਨ, ਜਿਨ੍ਹਾਂ ਰਾਹੀਂ ਉਸ ਨੂੰ ਪਾਕਿਸਤਾਨ ਅਤੇ ਵਿਦੇਸ਼ਾਂ ਤੋਂ ਭਾਰੀ ਮਾਤਰਾ ਵਿੱਚ ਚੰਦਾ ਮਿਲਦਾ ਹੈ।

ਭਾਰਤ ਮਸੂਦ ਨੂੰ ਸੌਂਪਣ ਦੀ ਮੰਗ ਕਰ ਰਿਹਾ 

ਪਾਕਿਸਤਾਨੀ ਮੀਡੀਆ ਨੇ ਮੰਗਲਵਾਰ ਨੂੰ ਇਕ ਰਿਪੋਰਟ 'ਚ ਮਸੂਦ ਦੀ ਗ੍ਰਿਫ਼ਤਾਰੀ ਲਈ ਚਿੱਠੀ ਲਿਖਣ ਦੀ ਖ਼ਬਰ ਦਿੱਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਸਬੰਧ ਵਿਚ ਤਾਲਿਬਾਨ ਸਰਕਾਰ ਨਾਲ ਸੰਪਰਕ ਕੀਤਾ ਹੈ। ਮਸੂਦ ਨੇ ਭਾਰਤ ਦੁਆਰਾ ਰਿਹਾਅ ਹੋਣ ਤੋਂ ਬਾਅਦ ਜੈਸ਼-ਏ-ਮੁਹੰਮਦ (JeM) ਦਾ ਗਠਨ ਕੀਤਾ। ਜੈਸ਼ ਨੇ ਕਸ਼ਮੀਰ ਸਮੇਤ ਭਾਰਤ 'ਚ ਕਈ ਅੱਤਵਾਦੀ ਹਮਲੇ ਕੀਤੇ, ਜਿਨ੍ਹਾਂ 'ਚ ਕਈ ਭਾਰਤੀਆਂ ਦੀ ਜਾਨ ਚਲੀ ਗਈ। ਉਦੋਂ ਤੋਂ ਹੀ ਭਾਰਤ ਮਸੂਦ ਦੀ ਗ੍ਰਿਫ਼ਤਾਰੀ ਅਤੇ ਹਵਾਲਗੀ ਦੀ ਮੰਗ ਕਰ ਰਿਹਾ ਹੈ।

ਜਾਣੋ ਮਸੂਦ ਅਜ਼ਹਰ ਬਾਰੇ

ਮਸੂਦ ਅਜ਼ਹਰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਦਾ ਨੇਤਾ ਹੈ। ਕੰਧਾਰ 'ਚ ਜਹਾਜ਼ ਹਾਈਜੈਕ, ਜੰਮੂ-ਕਸ਼ਮੀਰ ਵਿਧਾਨ ਸਭਾ 'ਤੇ ਹਮਲੇ ਅਤੇ ਭਾਰਤ ਦੀ ਸੰਸਦ 'ਤੇ ਹਮਲੇ 'ਚ ਮਸੂਦ ਦਾ ਸਿੱਧਾ ਹੱਥ ਹੈ। ਸੰਯੁਕਤ ਰਾਸ਼ਟਰ ਨੇ ਵੀ ਮਸੂਦ ਨੂੰ ਗਲੋਬਲ ਅੱਤਵਾਦੀ ਘੋਸ਼ਿਤ ਕੀਤਾ ਹੈ। ਫਰਵਰੀ 2019 ਵਿੱਚ ਪੁਲਵਾਮਾ ਹਮਲੇ ਤੋਂ ਬਾਅਦ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਐਲਾਨਿਆ ਗਿਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਇਹ ਦੂਜੀ ਵਾਰ ਹੈ ਜਦੋਂ ਪਾਕਿਸਤਾਨ ਨੇ ਅਫਗਾਨਿਸਤਾਨ ਨੂੰ ਚਿੱਠੀ ਲਿਖ ਕੇ ਮਸੂਦ ਅਜ਼ਹਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ। ਇਸ ਸਾਲ ਜਨਵਰੀ 'ਚ ਅਫਗਾਨਿਸਤਾਨ ਨਾਲ ਮੰਤਰੀ ਪੱਧਰ ਦੀ ਗੱਲਬਾਤ ਦੌਰਾਨ ਪਾਕਿਸਤਾਨ ਨੇ ਮਸੂਦ ਅਜ਼ਹਰ ਦੀ ਗ੍ਰਿਫ਼ਤਾਰੀ ਦਾ ਮੁੱਦਾ ਚੁੱਕਿਆ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News