ਪਾਕਿ ਸਾਂਸਦ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟ ਲਈ ਮੰਗੀ ਮੁਆਫ਼ੀ

Thursday, Feb 25, 2021 - 06:06 PM (IST)

ਪਾਕਿ ਸਾਂਸਦ ਨੇ ਹਿੰਦੂਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਟਵੀਟ ਲਈ ਮੰਗੀ ਮੁਆਫ਼ੀ

ਕਰਾਚੀ (ਭਾਸ਼ਾ): ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਦੇ ਸਾਂਸਦ ਨੇ ਵੱਡੇ ਪੱਧਰ 'ਤੇ ਹੋਏ ਵਿਰੋਧ ਅਤੇ ਕਾਰਵਾਈ ਦੀ ਮੰਗ ਦੇ ਬਾਅਦ ਘੱਟ ਗਿਣਤੀ ਹਿੰਦੂਆਂ ਦੇ ਪ੍ਰਤੀ ਗਲਤ ਸ਼ਬਦਾਵਲੀ ਦਰਸਾਉਣ ਵਾਲਾ ਆਪਣਾ ਟਵੀਟ ਹਟਾ ਲਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਆਪਣੇ ਇਸ ਕੰਮ ਲਈ ਮੁਆਫ਼ੀ ਮੰਗੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਨੈਸ਼ਨਲ ਅਸੈਂਬਲੀ ਮੈਂਬਰ ਅਮਿਰ ਲਿਯਾਕਤ ਹੁਸੈਨ ਨੇ ਵਿਰੋਧੀ ਨੇਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰਿਅਮ ਨਵਾਜ਼ ਦਾ ਮਜ਼ਾਕ ਉਡਾਉਣ ਲਈ ਹਿੰਦੂ ਦੇਵੀ ਦੀ ਤਸਵੀਰ ਨਾਲ ਟਵੀਟ ਕਰ ਕੇ ਵਿਵਾਦ ਪੈਦਾ ਕਰ ਦਿੱਤਾ ਸੀ।

PunjabKesari

ਹੁਸੈਨ ਨਾਮੀ ਟੀਵੀ ਪੇਸ਼ਕਰਤਾ ਹਨ ਅਤੇ ਮਸ਼ਹੂਰ ਧਾਰਮਿਕ ਵਿਦਵਾਨ ਦੇ ਰੂਪ ਵਿਚ ਜਾਣੇ ਜਾਂਦੇ ਹਨ ਪਰ ਆਪਣੇ ਇਸ ਕੰਮ ਨਾਲ ਉਹ ਹਿੰਦੂ ਭਾਈਚਾਰੇ, ਨਾਗਰਿਕ ਸਮਾਜ ਅਤੇ ਸਿਆਸਤਾਦਾਨਾਂ ਦੇ ਨਿਸ਼ਾਨੇ 'ਤੇ ਆ ਗਏ। ਸਿੰਧ ਸੂਬੇ ਦੇ ਥਾਰਪਾਰਕਰ ਇਲਾਕੇ ਤੋਂ ਪੀ.ਟੀ.ਆਈ. ਦੇ ਹੀ ਪ੍ਰਤੀਨਿਧੀ ਰਮੇਸ਼ ਕੁਮਾਰ ਵੰਕਵਾਨੀ ਨੇ ਹੁਸੈਨ ਦੇ ਟਵੀਟ ਦੀ ਨਿੰਦਾ ਕਰਦਿਆਂ ਇਸ ਨੂੰ ਸ਼ਰਮਨਾਕ ਕਰਾਰ ਦਿੱਤਾ ਹੈ।

PunjabKesari

ਪਾਕਿਸਤਾਨ ਹਿੰਦੂ ਕੌਂਸਲ ਦੇ ਪ੍ਰਧਾਨ ਵੰਕਵਾਨੀ ਨੇ ਟਵੀਟ ਕੀਤਾ,''ਖੁਦ ਨੂੰ ਧਾਰਮਿਕ ਮਾਮਲਿਆਂ ਦਾ ਵਿਦਵਾਨ ਹੋਣ ਦਾ ਦਾਅਵਾ ਕਰਨ ਵਾਲੇ ਵਿਅਕਤੀ ਦੇ ਸ਼ਰਮਨਾਕ ਕੰਮ ਦੀ ਸਖ਼ਤ ਨਿੰਦਾ ਕਰਦੇ ਹਾਂ ਜੋ ਦੂਜੇ ਧਰਮਾਂ ਦਾ ਸਨਮਾਨ ਕਰਨਾ ਵੀ ਨਹੀਂ ਜਾਣਦਾ।'' 

 

ਉਹਨਾਂ ਨੇ ਕਿਹਾ,''ਇਸ ਟਵੀਟ ਨੂੰ ਤੁਰੰਤ ਹਟਾਓ ਨਹੀਂ ਤਾਂ ਸਾਡੇ ਕੋਲ ਈਸ਼ਨਿੰਦਾ ਕਾਨੂੰਨ ਦੇ ਤਹਿਤ ਸਖ਼ਤ ਕਾਰਵਾਈ ਦੀ ਮੰਗ ਕਰਨ ਅਤੇ ਪੂਰੇ ਦੇਸ਼ ਵਿਚ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ।'' ਸਿੰਧ ਦੇ ਉਮਰਕੋਟ ਤੋਂ ਹੋਰ ਹਿੰਦੂ ਨੇਤਾ ਲਾਲ ਮਲਹੀ ਨੇ ਵੀ ਹੁਸੈਨ ਦੇ ਕੰਮ ਦੀ ਨਿੰਦਾ ਕੀਤੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਤੋਂ ਇਸ ਗੈਰ ਕਾਨੂੰਨੀ ਕੰਮ 'ਤੇ ਨੋਟਿਸ ਲੈਣ ਦੀ ਅਪੀਲ ਕੀਤੀ ਸੀ। ਹੁਸੈਨ ਨੇ ਬਾਅਦ ਵਿਚ ਆਪਣੇ ਟਵੀਟ ਨੂੰ ਹਟਾਉਂਦੇ ਹੋਏ ਹਿੰਦੂ ਭਾਈਚਾਰੇ ਤੋਂ ਮੁਆਫ਼ੀ ਮੰਗੀ। ਉਹਨਾਂ ਨੇ ਕਿਹਾ,''ਮੈਂ ਜਾਣਦਾ ਹਾਂ ਕਿ ਹਿੰਦੂ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।'' ਹੁਸੈਨ ਨੇ ਕਿਹਾ,''ਮੈਂ ਸਾਰੇ ਧਰਮਾਂ ਦਾ ਸਨਮਾਨ ਕਰਦਾ ਹਾਂ। ਇਹ ਉਹ ਸਬਕ ਹੈ ਜੋ ਮੇਰਾ ਧਰਮ ਸਿਖਾਉਂਦਾ ਹੈ।''


author

Vandana

Content Editor

Related News