ਪਾਕਿਸਤਾਨ ਨੇ ਇਸ ਸਾਲ ਦੀਆਂ ਆਮ ਚੋਣਾਂ ਲਈ 149 ਮਿਲੀਅਨ ਡਾਲਰ ਕੀਤੇ ਅਲਾਟ
Saturday, Jul 22, 2023 - 01:18 AM (IST)
ਇਸਲਾਮਾਬਾਦ (ਅਨਸ)-ਵਿੱਤ ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਆਰਥਿਕ ਤਾਲਮੇਲ ਕਮੇਟੀ (ਈ. ਸੀ. ਸੀ.) ਨੇ ਪਾਕਿਸਤਾਨ ਦੇ ਚੋਣ ਕਮਿਸ਼ਨ (ਈ. ਸੀ. ਪੀ.) ਦੀ ਇਸ ਸਾਲ ਦੀਆਂ ਆਮ ਚੋਣਾਂ ਲਈ 149 ਮਿਲੀਅਨ ਡਾਲਰ ਤੋਂ ਵੱਧ ਫੰਡ ਅਲਾਟ ਕਰਨ ਦੀ ਬੇਨਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਰਿਪੋਰਟਾਂ ਮੁਤਾਬਕ ਕੁੱਲ ਰਕਮ ’ਚੋਂ ਕਮੇਟੀ ਨੇ ਵੀਰਵਾਰ ਨੂੰ ਲੱਗਭਗ 34 ਮਿਲੀਅਨ ਡਾਲਰ ਅਲਾਟ ਕੀਤੇ, ਜਦਕਿ ਬਾਕੀ ਫੰਡ ਈ. ਸੀ. ਪੀ. ਦੀ ਲੋੜ ਅਨੁਸਾਰ ਪੜਾਅਵਾਰ ਅਲਾਟ ਕੀਤੇ ਜਾਣਗੇ।
ਦੇਸ਼ ’ਚ ਸੱਤਾਧਾਰੀ ਸਰਕਾਰ ਦੇ ਦੋ ਮੁੱਖ ਗੱਠਜੋੜ ਸਹਿਯੋਗੀਆਂ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ. ਐੱਮ. ਐੱਲ-ਐੱਨ) ਅਤੇ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਬਿਆਨਾਂ ਅਨੁਸਾਰ ਦੇਸ਼ ’ਚ ਇਸ ਸਾਲ ਨਵੰਬਰ ਵਿਚ ਆਮ ਚੋਣਾਂ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਈ. ਸੀ. ਸੀ. ਨੇ ਸਿਨੇਮਾ ਹਾਲਜ਼ ਨੂੰ ਬਿਜਲੀ ਦਰਾਂ ਵਸੂਲਣ ਸਬੰਧੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸਾਰ ’ਤੇ ਵਿਚਾਰ ਕੀਤਾ।
ਬਿਆਨ ’ਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਫ਼ਿਲਮ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਈ. ਸੀ. ਸੀ. ਨੇ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ ਕਿ ਸਿਨੇਮਾ ਹਾਲਜ਼ ਨੂੰ ਉਦਯੋਗ ਲਈ ਪ੍ਰਵਾਨਿਤ ਦਰਾਂ ਅਨੁਸਾਰ ਬਿਜਲੀ ਦਾ ਚਾਰਜ ਕੀਤਾ ਜਾ ਸਕਦਾ ਹੈ। ਬਿਆਨ ’ਚ ਕਿਹਾ ਗਿਆ ਹੈ ਕਿ ਈ. ਸੀ. ਸੀ. ਨੇ ਜ਼ਮੀਨੀ ਰਸਤੇ ਰਾਹੀਂ ਅਫ਼ਗਾਨਿਸਤਾਨ ਨੂੰ ਨਿਰਯਾਤ ਪ੍ਰੋਸੈਸਿੰਗ ਜ਼ੋਨਾਂ ਤੋਂ ਬਨਸਪਤੀ ਤੇਲ ਦੇ ਨਿਰਯਾਤ ਬਾਰੇ ਵਣਜ ਮੰਤਰਾਲਾ ਦੇ ਸਾਰ ’ਤੇ ਵੀ ਵਿਚਾਰ ਕੀਤਾ।