ਪਾਕਿਸਤਾਨ ''ਚ ਸੜ ਰਹੀ ਪਰਾਲੀ ਕਾਰਨ ਭਾਰਤ ''ਚ ਵਧਿਆ ਪ੍ਰਦੂਸ਼ਣ

10/12/2019 2:40:00 PM

ਇਸਲਾਮਾਬਾਦ— ਹਵਾ ਪ੍ਰਦੂਸ਼ਣ ਪੂਰੀ ਦੁਨੀਆ ਲਈ ਵੱਡੀ ਮੁਸੀਬਤ ਬਣ ਗਿਆ ਹੈ, ਜਿਸ ਨੂੰ ਰੋਕਣ ਲਈ ਸਰਕਾਰਾਂ ਵਾਰ-ਵਾਰ ਅਪੀਲਾਂ ਕਰ ਰਹੀਆਂ ਹਨ। ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਵੀ ਕਿਹਾ ਗਿਆ ਹੈ। ਪੰਜਾਬ ਸਣੇ ਉੱਤਰੀ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਇਹ ਸਮੱਸਿਆ ਕਾਫੀ ਵਧ ਹੈ। ਪੰਜਾਬ ਰਿਮੋਟ ਸੈਂਸਿੰਗ ਸੈਂਟਰ (ਪੀ. ਆਰ. ਐੱਸ. ਸੀ.) ਵਲੋਂ ਰੱਖੀਆਂ ਗਈਆਂ ਸੈਟੇਲਾਈਟ ਤਸਵੀਰਾਂ ਤੋਂ ਇਸ ਦਾ ਪਤਾ ਲੱਗਦਾ ਹੈ। ਪਾਕਿਸਤਾਨ ਦੇ ਇਲਾਵਾ ਪੰਜਾਬ ਅਤੇ ਹਰਿਆਣਾ ਦੇ ਜ਼ਿਲਿਆਂ 'ਚ ਵੀ ਪਰਾਲੀ ਸਾੜਨ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਪਾਕਿਸਤਾਨ 'ਚ ਸਾੜੀ ਗਈ ਪਰਾਲੀ ਤੋਂ ਪੰਜਾਬ ਸਣੇ ਉੱਤਰੀ ਭਾਰਤ 'ਚ ਕਾਫੀ ਪ੍ਰਦੂਸ਼ਣ ਫੈਲਿਆ ਸੀ। ਪੀ. ਆਰ. ਐੱਸ. ਸੀ. ਵਲੋਂ ਦੋ ਹਫਤਿਆਂ ਤੋਂ ਪਰਾਲੀ ਸਾੜਨ ਵਾਲਿਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ। ਪੀ. ਆਰ. ਐੱਸ. ਸੀ. ਦੇ ਐਗਰੋ ਈਕੋ ਸਿਸਟਮ ਅਤੇ ਕ੍ਰਾਪ ਮਾਡਲਿੰਗ ਡਿਵੀਜ਼ਨ ਵਲੋਂ 10 ਅਕਤੂਬਰ ਨੂੰ ਲਈਆਂ ਗਈਆਂ ਤਸਵੀਰਾਂ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਸਰਹੱਦ ਪਾਰ ਵੀ ਕਾਫੀ ਪਰਾਲੀ ਸਾੜੀ ਜਾ ਰਹੀ ਹੈ।

ਵਿਭਾਗ ਦੇ ਮੁਖੀ ਡਾ. ਅਨਿਲ ਸੂਦ ਮੁਤਾਬਕ 23 ਸਤੰਬਰ ਨੂੰ ਪੂਰੇ ਪੰਜਾਬ 'ਚ ਖੇਤਾਂ 'ਚ ਬਚੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਦੀ ਸੈਟੇਲਾਈਟ ਰਾਹੀਂ ਮਾਨੀਟਰਿੰਗ ਕੀਤੀ ਜਾ ਰਹੀ ਹੈ।  ਇਸ ਦੌਰਾਨ ਫਾਜ਼ਿਲਕਾ ਤੇ ਫਿਰੋਜ਼ਪੁਰ ਜ਼ਿਲਿਆਂ ਨਾਲ ਲੱਗਦੇ ਪਾਕਿਸਤਾਨੀ ਖੇਤਰ 'ਚ ਜਿੱਥੇ ਵੀ ਝੋਨਾ ਬੀਜਿਆ ਜਾਂਦਾ ਹੈ, ਉੱਥੇ ਕਾਫੀ ਪਰਾਲੀ ਸਾੜੀ ਜਾਂਦੀ ਹੈ। ਖਾਸ ਕਰਕੇ ਲਾਹੌਰ ਤੇ ਇਸ ਦੇ ਨਾਲ ਲੱਗਣ ਵਾਲੇ ਖੇਤਰਾਂ 'ਚ ਅਜਿਹਾ ਹੁੰਦਾ ਹੈ।

ਕੁਝ ਦਿਨਾਂ ਤੋਂ ਹਵਾਵਾਂ ਉੱਤਰ-ਪੱਛਮ ਵੱਲ ਚੱਲ ਰਹੀਆਂ ਹਨ ਤੇ ਪਾਕਿਸਤਾਨ ਤੋਂ ਭਾਰਤ ਆਉਣ ਵਾਲੀਆਂ ਹਵਾਵਾਂ ਪ੍ਰਦੂਸ਼ਣ ਲਿਆ ਰਹੀਆਂ ਹਨ, ਜੋ ਵੱਡੀ ਸਮੱਸਿਆ ਹੈ। 4 ਅਕਤੂਬਰ ਤੋਂ 11 ਅਕਤੂਬਰ ਤਕ ਦੁਪਹਿਰ ਬਾਅਦ ਲਗਾਤਾਰ ਉੱਤਰੀ-ਪੱਛਮੀ ਹਵਾਵਾਂ ਚੱਲ ਰਹੀਆਂ ਹਨ। ਅੰਮ੍ਰਿਤਸਰ, ਅੰਬਾਲਾ ,ਕਰਨਾਲ ਅਤੇ ਕੈਥਲ 'ਚ ਵੀ ਧੂੰਆਂ ਇਕੱਠਾ ਹੋ ਰਿਹਾ ਹੈ। ਇਸ ਤੋਂ ਬਚਣ ਲਈ ਭਾਰਤ ਸਰਕਾਰ ਨੂੰ ਪਾਕਿਸਤਾਨ ਨਾਲ ਗੱਲ ਕਰਨ ਦੀ ਜ਼ਰੂਰਤ ਹੈ ਤਾਂ ਕਿ ਕੋਈ ਹੱਲ ਨਿਕਲ ਸਕੇ ਤੇ ਪ੍ਰਦੂਸ਼ਣ ਤੋਂ ਬਚਿਆ ਜਾ ਸਕੇ।


Related News