ਸਿਰੇ ਨਹੀਂ ਚੜ੍ਹੀ ਪਾਕਿ-ਅਫ਼ਗਾਨ ਦੀ ਸ਼ਾਂਤੀ ਦੀ ਗੱਲਬਾਤ ! ਜਾਣੋ ਕਿਉਂ ਨਹੀਂ ਬਣੀ ''ਗੱਲ''

Sunday, Nov 09, 2025 - 08:32 AM (IST)

ਸਿਰੇ ਨਹੀਂ ਚੜ੍ਹੀ ਪਾਕਿ-ਅਫ਼ਗਾਨ ਦੀ ਸ਼ਾਂਤੀ ਦੀ ਗੱਲਬਾਤ ! ਜਾਣੋ ਕਿਉਂ ਨਹੀਂ ਬਣੀ ''ਗੱਲ''

ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਗੱਲਬਾਤ ਦਾ ਤੀਜਾ ਦੌਰ 2 ਦਿਨ ਤਕ ਚੱਲਿਆ ਪਰ ਪਾਕਿ ਕਾਬੁਲ ਤੋਂ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਲਈ ਲਿਖਤੀ ਵਚਨਬੱਧਤਾ ਪ੍ਰਾਪਤ ਕਰਨ ਵਿਚ ਅਸਫਲ ਰਿਹਾ, ਜਿਨ੍ਹਾਂ ’ਤੇ ਪਾਕਿਸਤਾਨ ਵਿਰੁੱਧ ਹਮਲੇ ਕਰਨ ਲਈ ਅਫਗਾਨਿਸਤਾਨ ਦੀ ਧਰਤੀ ਦੀ ਵਰਤੋਂ ਕਰਨ ਦਾ ਦੋਸ਼ ਹੈ। ਇਕ ਅਫਗਾਨ ਅਧਿਕਾਰੀ ਅਨੁਸਾਰ ਸ਼ਾਂਤੀ ਵਾਰਤਾ ਦੌਰਾਨ ਪਾਕਿਸਤਾਨ ਨਾਲ ਸਰਹੱਦੀ ਝੜਪ ਵਿਚ 4 ਨਾਗਰਿਕ ਮਾਰੇ ਗਏ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪਾਕਿਸਤਾਨ ਦੇ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਇਕ ਨਿੱਜੀ ਟੀ.ਵੀ. ਚੈਨਲ ਨੂੰ ਦੱਸਿਆ ਕਿ ਗੱਲਬਾਤ ਮੁਲਤਵੀ ਕਰ ਦਿੱਤੀ ਗਈ ਹੈ ਅਤੇ ਚੌਥੇ ਦੌਰ ਲਈ ਅਜੇ ਕੋਈ ਸਮਾਂ-ਸਾਰਣੀ ਤੈਅ ਨਹੀਂ ਕੀਤੀ ਗਈ। ਅਫਗਾਨ ਵਫ਼ਦ ਸਾਡੇ ਨਾਲ ਸਹਿਮਤ ਹੈ ਪਰ ਉਹ ਲਿਖਤੀ ਸਮਝੌਤੇ ’ਤੇ ਦਸਤਖਤ ਕਰਨ ਲਈ ਤਿਆਰ ਨਹੀਂ ਹਨ। ਪਾਕਿਸਤਾਨ ਸਿਰਫ਼ ਇਕ ਰਸਮੀ, ਲਿਖਤੀ ਸਮਝੌਤੇ ਨੂੰ ਸਵੀਕਾਰ ਕਰੇਗਾ।

ਇਹ ਵੀ ਪੜ੍ਹੋ- ਲਓ ਜੀ..; ਹੁਣ 'ਸ਼ੂਗਰ' ਦੇ ਮਰੀਜ਼ਾਂ ਨੂੰ ਨਹੀਂ ਮਿਲੇਗਾ ਅਮਰੀਕਾ ਦਾ ਵੀਜ਼ਾ !

ਮੰਤਰੀ ਨੇ ਕਿਹਾ ਕਿ ਉਹ ਜ਼ੁਬਾਨੀ ਭਰੋਸਾ ਸਵੀਕਾਰ ਕਰਨਾ ਚਾਹੁੰਦੇ ਹਨ, ਜੋ ਕਿ ਕੌਮਾਂਤਰੀ ਗੱਲਬਾਤ ਵਿਚ ਸੰਭਵ ਨਹੀਂ। ਵਿਚੋਲਿਆਂ ਨੇ ਪੂਰੀ ਕੋਸ਼ਿਸ਼ ਕੀਤੀ ਪਰ ਅਖੀਰ ਵਿਚ ਉਮੀਦ ਗੁਆ ਦਿੱਤੀ। ਉਨ੍ਹਾਂ ਦੁਹਰਾਇਆ ਕਿ ਪਾਕਿਸਤਾਨ ਦੀ ਸਥਿਤੀ ਦ੍ਰਿੜ੍ਹ ਤੇ ਸਪੱਸ਼ਟ ਹੈ। ਸਾਡੀ ਇੱਕੋ-ਇਕ ਮੰਗ ਇਹ ਹੈ ਕਿ ਅਫਗਾਨਿਸਤਾਨ ਇਹ ਯਕੀਨੀ ਬਣਾਏ ਕਿ ਉਸ ਦੀ ਧਰਤੀ ਨੂੰ ਪਾਕਿਸਤਾਨ ਵਿਰੁੱਧ ਹਮਲਿਆਂ ਲਈ ਨਾ ਵਰਤਿਆ ਜਾਵੇ।

ਉਨ੍ਹਾਂ ਚਿਤਾਵਨੀ ਦਿੱਤੀ ਕਿ ਉਕਸਾਏ ਜਾਣ ’ਤੇ ਪਾਕਿਸਤਾਨ ਜਵਾਬੀ ਕਾਰਵਾਈ ਕਰੇਗਾ। ਜੇਕਰ ਅਫਗਾਨ ਧਰਤੀ ਤੋਂ ਕੋਈ ਹਮਲਾ ਹੁੰਦਾ ਹੈ ਤਾਂ ਅਸੀਂ ਜਵਾਬ ਦੇਵਾਂਗੇ। ਜੰਗਬੰਦੀ ਉਦੋਂ ਤਕ ਲਾਗੂ ਰਹੇਗੀ ਜਦੋਂ ਤਕ ਕੋਈ ਹਮਲਾ ਨਹੀਂ ਹੁੰਦਾ।

ਇਸ ਤੋਂ ਇਲਾਵਾ ਸੂਚਨਾ ਮੰਤਰੀ ਅਤਾਉੱਲਾ ਤਰਾਰ ਨੇ ਕਿਹਾ ਕਿ ਅਫਗਾਨ-ਤਾਲਿਬਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਅੱਤਵਾਦ ਨਾਲ ਲੜਨ ਸਬੰਧੀ ਆਪਣੀਆਂ ਲੰਮੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਕੌਮਾਂਤਰੀ, ਖੇਤਰੀ ਤੇ ਦੁਵੱਲੀਆਂ ਵਚਨਬੱਧਤਾਵਾਂ ਨੂੰ ਪੂਰਾ ਕਰਨ, ਜਿਸ ਨੂੰ ਉਹ ਹੁਣ ਤਕ ਪੂਰਾ ਕਰਨ ਵਿਚ ਅਸਫਲ ਰਹੇ ਹਨ। ਪਾਕਿਸਤਾਨ ਨੂੰ ਅਫਗਾਨ ਲੋਕਾਂ ਨਾਲ ਕੋਈ ਨਫ਼ਰਤ ਨਹੀਂ। ਹਾਲਾਂਕਿ ਇਹ ਅਫਗਾਨ-ਤਾਲਿਬਾਨ ਸ਼ਾਸਨ ਦੁਆਰਾ ਕਿਸੇ ਵੀ ਕਾਰਵਾਈ ਦਾ ਸਮਰਥਨ ਨਹੀਂ ਕਰੇਗਾ ਜੋ ਅਫਗਾਨ ਲੋਕਾਂ ਜਾਂ ਗੁਆਂਢੀ ਦੇਸ਼ਾਂ ਦੇ ਹਿੱਤਾਂ ਲਈ ਨੁਕਸਾਨਦੇਹ ਹੋਵੇ।

ਇਹ ਵੀ ਪੜ੍ਹੋ- ਰੂਸ ਨੇ ਇਕ ਵਾਰ ਫ਼ਿਰ ਯੂਕ੍ਰੇਨ 'ਤੇ ਕੀਤਾ ਡਰੋਨ ਹਮਲਾ ! ਸੁੱਤੇ ਪਏ ਲੋਕਾਂ ਨੂੰ ਨਾ ਮਿਲਿਆ ਭੱਜਣ ਦਾ ਮੌਕਾ


author

Harpreet SIngh

Content Editor

Related News