ਪਾਕਿਸਤਾਨ ਵੱਲੋਂ ਪਾਇਲਟ ਅਭਿਨੰਦਨ ਨੂੰ ਰਿਹਾਅ ਕਰਨ ਦੀ ਤਿਆਰੀ

03/01/2019 12:32:34 PM

ਇਸਲਾਮਾਬਾਦ (ਭਾਸ਼ਾ)— ਭਾਰਤ ਨਾਲ ਗੱਲਬਾਤ ਸ਼ੁਰੂ ਕਰਨ ਦੀ ਦਿਸ਼ਾ ਵਿਚ ਪਹਿਲਾ ਕਦਮ ਚੁੱਕਦੇ ਹੋਏ ਸ਼ੁੱਕਰਵਾਰ ਨੂੰ ਪਾਕਿਸਤਾਨ ਨੇ ਭਾਰਤੀ ਹਵਾਈ ਫੌਜ ਦੇ ਪਾਇਲਟ ਅਭਿਨੰਦਨ ਵਰਤਮਾਨ ਨੂੰ ਰਿਹਾਅ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਵੀਰਵਾਰ ਨੂੰ ਸੰਸਦ ਦੀ ਇਕ ਵਿਸ਼ੇਸ਼ ਬੈਠਕ ਨੂੰ ਸੰਬੋਧਿਤ ਕਰਦਿਆਂ ਵਿੰਗ ਕਮਾਂਡਰ ਪਾਇਲਟ ਅਭਿਨੰਦਨ ਵਰਤਮਾਨ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰਨ ਦਾ ਐਲਾਨ ਕੀਤਾ ਸੀ। ਸਰਕਾਰ ਨੇ ਉਸ ਵੇਲੇ ਸੁਰੱਖਿਆ ਕਾਰਨਾਂ ਕਾਰਨ ਅਭਿਨੰਦਨ ਨੂੰ ਭਾਰਤੀ ਅਧਿਕਾਰੀਆਂ ਨੂੰ ਸੌਂਪੇ ਜਾਣ ਦਾ ਸਮਾਂ ਜਾਂ ਜਗ੍ਹਾ ਨਹੀਂ ਦੱਸੀ ਸੀ। 

ਬਾਅਦ ਵਿਚ ਕੂਟਨੀਤਕ ਸੂਤਰਾਂ ਨੇ ਦੱਸਿਆ ਕਿ ਲਾਹੌਰ ਦੇ ਵਾਹਗਾ ਬਾਰਡਰ ਨੇੜੇ ਪਾਇਲਟ ਅਭਿਨੰਦਨ ਨੂੰ ਭਾਰਤੀ ਹਾਈ ਕਮਿਮਨ ਦੇ ਅਧਿਕਾਰੀਆਂ ਦੇ ਹਵਾਲੇ ਕੀਤਾ ਜਾਵੇਗਾ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤ ਨੇ ਪਾਕਿਸਤਾਨ ਨੂੰ ਕਿਹਾ ਸੀ ਕਿ ਅਭਿਨੰਦਨ ਨੂੰ ਹਵਾਈ ਮਾਰਗ ਜ਼ਰੀਏ ਵਾਪਸ ਭੇਜਿਆ ਜਾਵੇ ਪਰ ਦੇਰ ਰਾਤ ਪਾਕਿਸਤਾਨ ਨੇ ਜਵਾਬ ਦਿੱਤਾ ਕਿ ਭਾਰਤ ਦੀ ਅਪੀਲ ਨੂੰ ਨਹੀਂ ਮੰਨਿਆ ਜਾ ਸਕਦਾ ਅਤੇ ਉਹ ਅਟਾਰੀ-ਵਾਹਗਾ ਬਾਰਡਰ ਜ਼ਰੀਏ ਹੀ ਅਭਿਨੰਦਨ ਨੂੰ ਵਾਪਸ ਭੇਜੇਗਾ। 

ਗੌਰਤਲਬ ਹੈ ਕਿ ਭਾਰਤ ਅਤੇ ਪਾਕਿਸਤਾਨ ਹਵਾਈ ਫੌਜ ਦੇ ਲੜਾਕੂ ਜਹਾਜ਼ਾਂ ਵਿਚ ਝੜਪ ਦੌਰਾਨ ਮਿਗ 21 ਦੇ ਡਿੱਗਣ ਦੇ ਬਾਅਦ ਪਾਇਲਟ ਅਭਿਨੰਦਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) ਵਿਚ ਡਿੱਗ ਗਿਆ ਸੀ। ਇਸ ਦੇ ਬਾਅਦ ਪਾਕਿਸਤਾਨ ਨੇ ਅਭਿਨੰਦਨ ਨੂੰ ਹਿਰਾਸਤ ਵਿਚ ਲੈ ਲਿਆ ਸੀ। ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨ ਦੇ ਕਾਰਜਕਾਰੀ ਹਾਈ ਕਮਿਸ਼ਨਰ ਨੂੰ ਤਲਬ ਕਰ ਕੇ ਆਈ.ਏ.ਐੱਫ. ਪਾਇਲਟ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ ਸੀ।


Vandana

Content Editor

Related News