ਸਾਲ 2025 ਤੱਕ ਪਾਕਿਸਤਾਨ ''ਚ ਪੈ ਸਕਦੈ ਸੋਕਾ : ਰਿਪੋਰਟ
Friday, Mar 22, 2019 - 03:33 PM (IST)

ਇਸਲਾਮਾਬਾਦ (ਬਿਊਰੋ)— ਅੱਜ ਪੂਰੀ ਦੁਨੀਆ ਵਿਚ 'ਵਿਸ਼ਵ ਜਲ ਦਿਵਸ' ਮਨਾਇਆ ਜਾ ਰਿਹਾ ਹੈ। ਅਜਿਹੇ ਸਮੇਂ ਵਿਚ ਗੁਆਂਢੀ ਦੇਸ਼ ਪਾਕਿਸਤਾਨ ਪਾਣੀ ਦੀ ਕਮੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਦੇਸ਼ ਦੀ ਰਾਸ਼ਟਰੀ ਅਰਥਵਿਵਸਥਾ, ਈਕੋਸਿਸਟਮ ਅਤੇ ਖਾਧ ਸੁਰੱਖਿਆ ਗੜਬੜਾ ਗਈ ਹੈ। ਯੂਨਾਈਟਿਡ ਨੇਸ਼ਨ ਡਿਵੈਲਪਮੈਂਟ ਪ੍ਰਾਜੈਕਟ ਦੀ ਹਾਲ ਵਿਚ ਹੀ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ,''ਪਾਣੀ ਨਾਲ ਸਬੰਧਤ ਸਮੱਸਿਆਵਾਂ ਪਾਕਿਸਤਾਨ ਦੇ ਸਾਹਮਣੇ ਆਉਣ ਵਾਲੀਆਂ ਪ੍ਰਮੁੱਖ ਚੁਣੌਤੀਆਂ ਵਿਚੋਂ ਇਕ ਹੈ।''
ਇੱਥੇ ਦੱਸ ਦਈਏ ਕਿ 14 ਫਰਵਰੀ ਨੂੰ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ ਨੇ ਸਿੰਧੂ ਅਤੇ ਉਸ ਦੀ ਸਹਾਇਕ ਨਦੀਆਂ ਤੋਂ ਪਾਕਿਸਤਾਨ ਨੂੰ ਜਾਣ ਵਾਲੇ ਪਾਣੀ ਵਿਚ ਕਟੌਤੀ ਦੀ ਚਿਤਾਵਨੀ ਦਿੱਤੀ ਸੀ। ਵਿਸ਼ਵ ਆਰਥਿਕ ਮੰਚ ਦੀ ਸਰਵੇਖਣ ਰਿਪੋਰਟ ਮੁਤਾਬਕ ਵੀ ਭਵਿੱਖ ਵਿਚ ਜਲ ਸੰਕਟ ਪਾਕਿਸਤਾਨ ਲਈ ਸਭ ਤੋਂ ਵੱਡਾ ਖਤਰਾ ਹੋਵੇਗਾ। ਪਾਕਿਸਤਾਨ ਕੌਂਸਲ ਆਫ ਰਿਸਰਚ ਇਨ ਵਾਟਰ (ਪੀ.ਸੀ.ਆਰ.ਡਬਲਊ. ਆਰ.) ਨੇ ਆਪਣੀ ਰਿਪੋਰਟ ਵਿਚ ਪਾਣੀ ਦੀ ਸਥਿਤੀ ਕਮਜ਼ੋਰ ਦੱਸੀ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਵਿਚ ਖੁਸ਼ਕ ਨੀਤੀ ਅਤੇ ਪਾਣੀ ਦੀ ਕਮੀ ਕਾਰਨ ਸਾਲ 2025 ਤੱਕ ਸੋਕਾ ਪੈ ਸਕਦਾ ਹੈ।
ਰਿਪੋਰਟ ਮੁਤਾਬਕ ਪਾਕਿਸਤਾਨ ਨਾ ਸਿਰਫ ਮਿੱਠੇ ਪਾਣੀ ਦੇ ਸਰੋਤਾਂ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਸਗੋਂ ਪਾਣੀ ਨਾਲ ਸਬੰਧਤ ਕਈ ਮੁੱਦਿਆਂ ਦਾ ਵੀ ਸਾਹਮਣਾ ਕਰ ਰਿਹਾ ਹੈ। ਇਹ ਬਾਰ-ਬਾਰ ਚਿਤਾਵਨੀ ਦਿੱਤੀ ਗਈ ਹੈ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਪਾਣੀ ਦੀ ਗੁਣਵੱਤਾ ਵਿਚ ਕਮੀ ਸੀ। ਅਸੁਰੱਖਿਅਤ ਪਾਣੀ ਅਤੇ ਖਰਾਬ ਸਫਾਈ ਕਾਰਨ ਦਸਤ ਨਾਲ ਹਰੇਕ ਸਾਲ ਲੱਗਭਗ 5,000 ਤੋਂ 30,000 ਬੱਚੇ ਮਰ ਜਾਂਦੇ ਹਨ।