ਕਰਤਾਰਪੁਰ ਸਾਹਿਬ ਜਾਣ ਵਾਲਿਆਂ ਦੇ ਪਾਸਪੋਰਟ ’ਤੇ ਲੱਗੇਗੀ ਪਾਕਿ ਦੀ ‘ਐਂਟਰੀ ਮੋਹਰ’

10/30/2019 12:51:26 PM

ਇਸਲਾਮਾਬਾਦ/ਡੇਰਾ ਬਾਬਾ ਨਾਨਕ (ਬਿਊਰੋ): ਸਿੱਖ ਸ਼ਰਧਾਲੂ ਬਾਬੇ ਨਾਨਕ ਦਾ 550ਵਾਂ ਪ੍ਰਕਾਸ਼ ਪੁਰਬ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਮਨਾਉਣ ਲਈ ਕਾਫੀ ਉਤਸ਼ਾਹਿਤ ਹਨ। ਇਸ ਸਬੰਧੀ ਕੁਝ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਨ੍ਹਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪਾਕਿਸਤਾਨ ਫੈਡਰਲ ਜਾਂਚ ਏਜੰਸੀ (ਐੱਫ.ਆਈ.ਏ.) ਦਾ ਇਮੀਗ੍ਰੇਸ਼ਨ ਸਟਾਫ ਅਸਲ ਵਿਚ ਯਾਤਰਾ ਦਸਤਾਵੇਜ਼ਾਂ ਨੂੰ ਦਾਖਲ ਹੋਣ ਅਤੇ ਨਿਕਾਸੀ ਮੋਹਰ ਦੇ ਨਾਲ ਨਿਸ਼ਾਨਬੱਧ ਕਰੇਗਾ। ਇੱਥੇ ਦੱਸ ਦਈਏ ਕਿ ਐੱਫ.ਆਈ.ਏ. ਪਾਕਿਸਤਾਨ ਦੇ ਅੰਦਰੂਨੀ ਮੰਤਰਾਲੇ ਦੇ ਕੰਟਰੋਲ ਅਧੀਨ ਬਾਰਡਰ ਕੰਟਰੋਲ ਅਪਰਾਧਿਕ ਜਾਂਚ, ਜਵਾਬੀ ਖੁਫੀਆ ਅਤੇ ਸੁਰੱਖਿਆ ਏਜੰਸੀ ਹੈ। 

ਤਕਨੀਕੀ ਤੌਰ 'ਤੇ ਗੱਲ ਕਰੀਏ ਤਾਂ ਕਿਉਂਕਿ ਲਾਂਘਾ ਵੀਜ਼ਾ ਮੁਕਤ ਹੈ, ਇਸ ਲਈ ਪਾਸਪੋਰਟਾਂ 'ਤੇ ਵੀਜ਼ਾ ਨਹੀਂ ਲਗਾਇਆ ਜਾਵੇਗਾ ਸਗੋਂ ਦਾਖਲ ਹੋਣ ਅਤੇ ਬਾਹਰ ਜਾਣ ਦੀ ਮੋਹਰ ਲਗਾਈ ਜਾਵੇਗੀ। ਗੌਰਤਲਬ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਭਾਰਤ ਵਾਲੇ ਪਾਸਿਓਂ ਲਾਂਘੇ ਦਾ ਉਦਘਾਟਨ ਕਰਨਗੇ। ਇਸ ਮਗਰੋਂ 9 ਨਵੰਬਰ ਨੂੰ ਤਕਰੀਬਨ 5,000 ਸ਼ਰਧਾਲੂ ਪਾਕਿਸਤਾਨ ਜਾਣਗੇ। ਉਸੇ ਦਿਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਵੀ ਸਰਹੱਦ ਦੇ ਦੂਜੇ ਪਾਸੇ ਇਸੇ ਤਰ੍ਹਾਂ ਦੇ ਸਮਾਰੋਹ ਦੀ ਪ੍ਰਧਾਨਗੀ ਕਰਨਗੇ। 

ਇਕ ਵਾਰ ਸ਼ਰਧਾਲੂ ਜਦੋਂ ਆਈ.ਸੀ.ਪੀ. 'ਤੇ ਇਮੀਗ੍ਰੇਸ਼ਨ ਅਤੇ ਸੁਰੱਖਿਆ ਸਬੰਧੀ ਸਾਰੀਆਂ ਰਸਮੀ ਕਾਰਵਾਈਆਂ ਪੂਰੀਆਂ ਕਰ ਲੈਣਗੇ ਤਾਂ ਉਨ੍ਹਾਂ ਨੂੰ ਜ਼ੀਰੋ ਪੁਆਇੰਟ 'ਤੇ ਸਥਾਪਿਤ ਕੀਤੇ ਗਏ ਗੇਟ ਤੱਕ 600 ਮੀਟਰ ਦੀ ਦੂਰੀ ਤੈਅ ਕਰਨੀ ਪਵੇਗੀ। ਜ਼ੀਰੋ ਪੁਆਇੰਟ ਉਹ ਸਥਾਨ ਹੈ ਜਿੱਥੇ ਦੋਹਾਂ ਸਰਹੱਦਾਂ ਦਾ ਤਾਲਮੇਲ ਹੁੰਦਾ ਹੈ। ਜ਼ੀਰੋ ਲਾਈਨ ਤੋਂ ਸ਼ਰਧਾਲੂਆਂ ਨੂੰ 2 ਕਿਲੋਮੀਟਰ ਦੂਰ ਪਾਕਿਸਤਾਨੀ ਆਈ.ਸੀ.ਪੀ. ਤੱਕ ਵਿਸ਼ੇਸ਼ ਬੱਸਾਂ ਵਿਚ ਲਿਜਾਇਆ ਜਾਵੇਗਾ। ਇੱਥੋਂ ਉਨ੍ਹਾਂ ਨੂੰ ਮੁੜ ਅੰਤਰਰਾਸ਼ਟਰੀ ਯਾਤਰਾ ਕਾਨੂੰਨ ਦੇ ਮੁਤਾਬਕ ਹੋਰ ਰਸਮੀ ਕਾਰਵਾਈਆਂ ਵਿਚੋਂ ਲੰਘਣਾ ਪਵੇਗਾ।   


Vandana

Content Editor

Related News