ਚੀਨ ਨੇ ਚੁਣੌਤੀਪੂਰਣ ਸਮੇਂ ''ਚ ਕੀਤੀ ਪਾਕਿ ਦੀ ਮਦਦ : ਕੁਰੈਸ਼ੀ

03/20/2019 10:17:59 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਮੰਗਲਵਾਰ ਨੂੰ ਬੈਠਕ ਹੋਈ। ਕੁਰੈਸ਼ੀ ਨੇ ਕਿਹਾ ਕਿ ਚੀਨ ਨੇ ਚੁਣੌਤੀਪੂਰਣ ਸਮੇਂ ਵਿਚ ਪਾਕਿਸਤਾਨ ਦੀ ਮਦਦ ਕੀਤੀ ਹੈ। ਦੋਹਾਂ ਦੇਸ਼ਾਂ ਵਿਚਾਲੇ ਵਿਦੇਸ਼ ਮੰਤਰੀ ਪੱਧਰ ਦੀ ਬੈਠਕ ਦੇ ਬਾਅਦ ਉਨ੍ਹਾਂ ਨੇ ਇਹ ਬਿਆਨ ਦਿੱਤਾ। ਇਸ ਬੈਠਕ ਵਿਚ ਚੀਨ ਨੇ ਦੁਹਰਾਇਆ ਕਿ ਸੰਕਟ ਦੇ ਸਮੇਂ ਉਹ ਪਾਕਿਸਤਾਨ ਨਾਲ ਖੜ੍ਹਾ ਰਹੇਗਾ ਅਤੇ ਪੂਰੀ ਮਜ਼ਬੂਤੀ ਨਾਲ ਉਸ ਦੀ ਖੇਤਰੀ ਅਖੰਡਤਾ ਅਤੇ ਪ੍ਰਭੂਸੱਤਾ ਦਾ ਸਮਰਥਨ ਕਰੇਗਾ।

ਦੋਵੇਂ ਵਿਦੇਸ਼ ਮੰਤਰੀ ਬੀਜਿੰਗ ਵਿਚ ਚੀਨ-ਪਾਕਿਸਤਾਨ ਰਣਨੀਤਕ ਗੱਲਬਾਤ ਦੇ ਤਹਿਤ ਮਿਲੇ। ਕੁਰੈਸ਼ੀ ਨੇ ਦੱਸਿਆ,''ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਬੈਠਕ ਦੌਰਾਨ ਪੁਲਵਾਮਾ ਹਮਲੇ ਦੇ ਬਾਅਦ ਬਣੀ ਸਥਿਤੀ 'ਤੇ ਵੀ ਚਰਚਾ ਹੋਈ।'' ਕੁਰੈਸ਼ੀ ਨੇ ਵਾਂਗ ਨੂੰ ਕਿਹਾ,''ਇਸ ਹਮਲੇ ਦੇ ਬਾਅਦ ਕਸ਼ਮੀਰੀਆਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੱਧ ਗਈ ਹੈ। ਪਾਕਿਸਤਾਨ ਪਹਿਲਾਂ ਵੀ ਅਤੇ ਹੁਣ ਵੀ ਭਾਰਤ ਨਾਲ ਸਬੰਧ ਬਿਹਤਰ ਬਣਾਉਣਾ ਚਾਹੁੰਦਾ ਹੈ ਅਤੇ ਗੱਲਬਾਤ ਲਈ ਤਿਆਰ ਹੈ।'' 

ਦੋਹਾਂ ਵਿਦੇਸ਼ ਮੰਤਰੀਆਂ ਦੀ ਇਹ ਮੁਲਾਕਾਤ ਚੀਨ ਵੱਲੋਂ ਜੈਸ਼-ਏ-ਮੁਹੰਮਦ ਮੁਖੀ ਮਸੂਦ ਅਜ਼ਹਰ ਨੂੰ ਗਲੋਬਲ ਅੱਤਵਾਦੀ ਕਰਨ ਦੇ ਪ੍ਰਸਤਾਵ ਵਿਚ ਚੌਥੀ ਵਾਰ ਰੁਕਾਵਟ ਪਾਉਣ ਦੇ ਇਕ ਹਫਤੇ ਬਾਅਦ ਹੋਈ। ਵਾਂਗ ਨੇ ਕਿਹਾ,''ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਦੁਨੀਆ ਵਿਚ ਜਾਂ ਖੇਤਰ ਵਿਚ ਚੀਜ਼ਾਂ ਕਿਸ ਤਰ੍ਹਾਂ ਬਦਲਦੀਆਂ ਹਨ। ਚੀਨ ਪੂਰੀ ਮਜ਼ਬੂਤੀ ਨਾਲ ਪਾਕਿਸਤਾਨ ਦੀ ਪ੍ਰਭੂਸੱਤਾ, ਖੇਤਰੀ ਅਖੰਡਤਾ, ਆਜ਼ਾਦੀ ਅਤੇ ਸਨਮਾਨ ਨਾਲ ਖੜ੍ਹਾ ਰਹੇਗਾ।'' ਉਨ੍ਹਾਂ ਨੇ ਕਿਹਾ,''ਚੀਨ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਵੱਲੋਂ ਚੁੱਕੇ ਗਏ ਕਦਮਾਂ ਦੀ ਪ੍ਰਸ਼ੰਸਾ ਕਰਦਾ ਹੈ। ਅਸੀਂ ਭਾਰਤ ਅਤੇ ਪਾਕਿਸਤਾਨ ਨੂੰ ਸੰਜਮ ਵਰਤਣ ਅਤੇ ਮੁੱਦਿਆਂ ਦੇ ਹੱਲ ਲਈ ਸ਼ਾਂਤੀਪੂਰਣ ਤਰੀਕੇ ਨਾਲ ਹੱਲ ਕਰਨ ਦੀ ਅਪੀਲ ਕਰਦੇ ਹਾਂ।'' ਕੁਰੈਸ਼ੀ ਨੇ ਦੱਸਿਆ ਕਿ ਚੀਨ ਉਨ੍ਹਾਂ ਦੇ ਦੇਸ਼ ਨੂੰ ਕਈ ਅਰਬ ਡਾਲਰ ਦੀ ਮਦਦ ਵੀ ਦੇ ਰਿਹਾ ਹੈ ਜੋ ਆਈ.ਐੱਮ.ਐੱਫ ਦੇ ਮਦਦ ਪੈਕੇਜ 'ਤੇ ਪਾਕਿਸਤਾਨ ਦੀ ਨਿਰਭਰਤਾ ਘੱਟ ਕਰੇਗਾ।


Vandana

Content Editor

Related News