ਚੀਨ ਤੋਂ ਕਰਜ਼ ਲੈ ਕੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਦੂਜੀ ਕਿਸਤ

Friday, Dec 18, 2020 - 05:59 PM (IST)

ਇਸਲਾਮਾਬਾਦ/ਬੀਜਿੰਗ (ਬਿਊਰੋ): ਪਾਕਿਸਤਾਨ ਨੇ ਸਾਊਦੀ ਅਰਬ ਤੋਂ ਲਈ ਗਏ ਕਰਜ਼ ਦੀ ਇਕ ਹੋਰ ਕਿਸਤ ਇਕ ਅਰਬ ਡਾਲਰ ਦੇ ਕੇ ਚੁਕਾ ਦਿੱਤੀ ਹੈ।ਇਸ ਕਰਜ਼ ਨੂੰ ਵਾਪਸ ਕਰਨ ਲਈ ਇਮਰਾਨ ਖਾਨ ਦੀ ਸਰਕਾਰ ਨੇ ਚੀਨ ਤੋਂ ਕਰਜ਼ ਲਿਆ ਹੈ। ਪਾਕਿਸਤਾਨ ਨੇ ਹਾਲੇ ਸਾਊਦੀ ਅਰਬ ਦੀ ਤੀਜੀ ਅਤੇ ਆਖਰੀ ਕਿਸਤ ਜਨਵਰੀ ਵਿਚ ਚੁਕਾਉਣੀ ਹੈ। ਇਸ ਦੇ ਲਈ ਵੀ ਚੀਨ ਤੋਂ ਇਕ ਹੋਰ ਕਰਜ਼ ਲੈਣ ਦੀ ਸੰਭਾਵਨਾ ਹੈ। 

ਪਾਕਿਸਤਾਨੀ ਅਖ਼ਬਾਰ ਡਾਨ ਦੀ ਰਿਪੋਰਟ ਦੇ ਮੁਤਾਬਕ, ਇਮਰਾਨ ਸਰਕਾਰ ਨੇ ਚੀਨ ਤੋਂ 2 ਅਰਬ ਡਾਲਰ ਲੈ ਕੇ ਸਾਊਦੀ ਅਰਬ ਦੀਆਂ ਦੋ ਕਿਸਤਾਂ ਚੁਕਾਈਆਂ ਹਨ। ਜਦਕਿ ਤੀਜੀ ਕਿਸਤ ਨੂੰ ਲੈ ਕੇ ਸਰਕਾਰ 'ਤੇ ਚੀਨ ਤੋਂ ਹੀ ਇਕ ਵਾਰ ਫਿਰ ਕਰਜ਼ ਲੈਣ ਲਈ ਦਬਾਅ ਹੈ। ਇੱਥੇ ਦੱਸ ਦਈਏ ਕਿ ਪਿਛਲੇ ਸਾਲ ਜਦੋਂ ਪਾਕਿਸਤਾਨ ਦੀਵਾਲੀਆ ਹੋਣ ਦੇ ਕੰਢੇ ਸੀ ਉਦੋਂ ਸਾਊਦੀ ਅਰਬ ਨੇ 6.2 ਅਰਬ ਡਾਲਰ ਦੇ ਕੇ ਉਸ ਨੂੰ ਬਚਾਇਆ ਸੀ, ਜਿਸ ਵਿਚੋਂ 3 ਅਰਬ ਡਾਲਰ ਨਕਦ ਕਰਜ਼ ਦੇ ਰੂਪ ਵਿਚ ਸਨ। ਬਾਕੀ 3.2 ਅਰਬ ਡਾਲਰ ਉਧਾਰ ਦੇ ਤੇਲ ਦੇ ਰੂਪ ਵਿਚ ਦਿੱਤੇ ਗਏ ਸਨ। ਅਖ਼ਬਾਰ ਦੀ ਰਿਪੋਰਟ ਮੁਤਾਬਕ, ਸਾਊਦੀ ਅਰਬ ਨੇ ਕਰਜ਼ ਚੁਕਾਉਣ ਲਈ ਪਾਕਿਸਤਾਨ 'ਤੇ ਜਿਸ ਤਰ੍ਹਾਂ ਦਬਾਅ ਬਣਾਇਆ, ਉਵੇਂ ਉਹ ਕਿਸੇ ਹੋਰ ਦੇਸ਼ 'ਤੇ ਨਹੀਂ ਬਣਾਉਂਦਾ ਹੈ।
ਚੀਨ ਨੇ ਨਿਭਾਈ ਦੋਸਤੀ

ਡਾਨ ਅਖ਼ਬਾਰ ਨੇ ਪਾਕਿਸਤਾਨੀ ਵਿੱਤ ਮੰਤਰਾਲੇ ਦੇ ਇਕ ਅਧਿਕਾਰੀ ਦੇ ਹਵਾਲ ਨਾਲ ਲਿਖਿਆ ਕਿ ਚੀਨ ਹੀ ਹੁਣ ਪਾਕਿਸਤਾਨ ਨੂੰ ਮੁਸੀਬਤ ਵਿਚੋਂ ਕੱਢੇਗਾ। ਅਧਿਕਾਰੀ ਨੇ ਮੰਨਿਆ ਕਿ ਚੀਨ ਦੇ ਵਪਾਰਕ ਬੈਂਕਾਂ ਨਾਲ ਸਾਡੀ ਵਾਰਤਾ ਜਾਰੀ ਹੈ। ਇੱਥੇ ਦੱਸ ਦਈਏ ਕਿ ਸਾਊਦੀ ਨੇ ਜਦੋਂ ਆਪਣਾ ਕਰਜ਼ ਵਾਪਸ ਮੰਗਿਆ ਉਦੋਂ ਪਾਕਿਸਤਾਨੀ ਸੈਨਾ ਪ੍ਰਮੁੱਖ ਬਾਜਵਾ ਨੇ ਰਿਆਦ ਜਾ ਕੇ ਕਾਫੀ ਕੋਸ਼ਿਸ਼ ਕੀਤੀ ਸੀ ਇਸ ਮਾਮਲੇ ਨੂੰ ਟਾਲ ਦਿੱਤਾ ਜਾਵੇ ਪਰ ਸਾਊਦੀ ਕ੍ਰਾਊਨ ਪ੍ਰਿੰਸ ਨੇ ਉਹਨਾਂ ਨੇ ਮੁਲਾਕਾਤ ਤੱਕ ਨਹੀਂ ਕੀਤੀ।

ਨੋਟ- ਚੀਨ ਤੋਂ ਕਰਜ਼ ਲੈ ਕੇ ਪਾਕਿ ਨੇ ਸਾਊਦੀ ਅਰਬ ਨੂੰ ਦਿੱਤੀ ਦੂਜੀ ਕਿਸਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News