ਪਾਕਿਸਤਾਨ ਦੀ ਸੁਪਰੀਮ ਕੋਰਟ ਇਮਰਾਨ ਸਰਕਾਰ ਦੇ ਭਵਿੱਖ ''ਤੇ ਮੁੜ ਕਰੇਗੀ ਅਹਿਮ ਸੁਣਵਾਈ
Thursday, Apr 07, 2022 - 11:33 AM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੀ ਸੁਪਰੀਮ ਕੋਰਟ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਵਿਰੁੱਧ ਬੇਭਰੋਸਗੀ ਮਤੇ ਨੂੰ ਖਾਰਜ ਕਰਨ ਅਤੇ ਰਾਸ਼ਟਰਪਤੀ ਦੀ ਸਲਾਹ 'ਤੇ ਸੰਸਦ ਨੂੰ ਭੰਗ ਕਰਨ ਦੇ ਮਾਮਲੇ 'ਤੇ ਵੀਰਵਾਰ ਨੂੰ ਅਹਿਮ ਸੁਣਵਾਈ ਜਾਰੀ ਰੱਖੇਗੀ। ਸੁਪਰੀਮ ਕੋਰਟ ਨੇ ਇਸ ਤੋਂ ਪਹਿਲਾਂ "ਵਾਜਬ ਹੁਕਮ" ਦੇਣ ਦਾ ਵਾਅਦਾ ਕਰਦੇ ਹੋਏ ਬੁੱਧਵਾਰ ਨੂੰ ਚੌਥੀ ਵਾਰ ਕਾਰਵਾਈ ਮੁਲਤਵੀ ਕਰ ਦਿੱਤੀ ਸੀ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਕਥਿਤ 'ਵਿਦੇਸ਼ੀ ਸਾਜ਼ਿਸ਼' ਬਾਰੇ ਹੋਰ ਜਾਣਨ ਲਈ ਸਰਕਾਰ ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ (ਐੱਨ.ਐੱਸ.ਸੀ.) ਦੀ ਬੈਠਕ ਦੇ ਮਿੰਟ (ਵੇਰਵੇ) ਮੰਗੇ ਅਤੇ ਇਸ 'ਤੇ ਆਪਣਾ ਫ਼ੈਸਲਾ ਟਾਲ ਦਿੱਤਾ ਕੀ ਇਮਰਾਨ ਖਾਨ ਨੇ ਅਵਿਸ਼ਵਾਸ ਪ੍ਰਸਤਾਵ ਦਾ ਸਾਹਮਣਾ ਕਰਨ ਦੀ ਬਜਾਏ ਸੰਸਦ ਨੂੰ ਭੰਗ ਕਰਾ ਸੰਵਿਧਾਨ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ।
ਨੈਸ਼ਨਲ ਅਸੈਂਬਲੀ ਦੇ ਡਿਪਟੀ ਸਪੀਕਰ ਕਾਸਿਮ ਖਾਨ ਸੂਰੀ ਨੇ ਐਤਵਾਰ ਨੂੰ ਅਵਿਸ਼ਵਾਸ ਪ੍ਰਸਤਾਵ ਨੂੰ ਸਰਕਾਰ ਨੂੰ ਡੇਗਣ ਦੀ ਕਥਿਤ ਵਿਦੇਸ਼ੀ ਸਾਜ਼ਿਸ਼ ਨਾਲ ਜੁੜੇ ਹੋਣ ਦਾ ਹਵਾਲਾ ਦਿੰਦੇ ਹੋਏ ਰੱਦ ਕਰ ਦਿੱਤਾ। ਕੁਝ ਮਿੰਟਾਂ ਬਾਅਦ ਪ੍ਰਧਾਨ ਮੰਤਰੀ ਖਾਨ ਦੀ ਸਲਾਹ 'ਤੇ ਰਾਸ਼ਟਰਪਤੀ ਆਰਿਫ ਅਲਵੀ ਨੇ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ। ਸੁਣਵਾਈ ਦੇ ਤੀਜੇ ਦਿਨ ਬੁੱਧਵਾਰ ਨੂੰ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਪਾਰਟੀ ਦੀ ਤਰਫੋਂ ਬਾਬਰ ਅਵਾਨ ਪੇਸ਼ ਹੋਏ, ਜਦੋਂ ਕਿ ਰਾਸ਼ਟਰਪਤੀ ਅਲਵੀ ਦੀ ਨੁਮਾਇੰਦਗੀ ਅਲੀ ਜ਼ਫਰ ਨੇ ਕੀਤੀ। ਚੀਫ਼ ਜਸਟਿਸ ਬੰਦਿਆਲ ਨੇ ਅਵਾਨ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਹਾਲ ਹੀ ਵਿੱਚ ਹੋਈ ਮੀਟਿੰਗ ਦੇ 'ਮਿੰਟਾਂ' ਬਾਰੇ ਪੁੱਛਿਆ, ਜਿਸ ਵਿੱਚ ਪੀਟੀਆਈ ਦੀ ਅਗਵਾਈ ਵਾਲੀ ਸਰਕਾਰ ਨੂੰ ਡੇਗਣ ਲਈ ਕਥਿਤ ਤੌਰ 'ਤੇ "ਵਿਦੇਸ਼ੀ ਸਾਜ਼ਿਸ਼" ਦੇ ਸਬੂਤ ਦਿਖਾਉਣ ਵਾਲੇ ਇੱਕ ਪੱਤਰ 'ਤੇ ਚਰਚਾ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਸਾਵਧਾਨ! ਪਹਿਲੀ ਵਾਰ ਜਿਉਂਦੇ ਇਨਸਾਨ ਦੇ ਫੇਫੜਿਆਂ 'ਚ ਮਿਲਿਆ 'ਪਲਾਸਟਿਕ'
ਬੁੱਧਵਾਰ ਨੂੰ ਸੁਣਵਾਈ ਦੌਰਾਨ ਚੀਫ਼ ਜਸਟਿਸ ਨੇ ਵਕੀਲਾਂ ਨੂੰ ਬੈਂਚ ਦੇ ਹੁਕਮਾਂ ਨੂੰ ਪਾਸ ਕਰਨ ਲਈ ਜਲਦੀ ਤੋਂ ਜਲਦੀ ਆਪਣੀਆਂ ਦਲੀਲਾਂ ਪੂਰੀਆਂ ਕਰਨ ਲਈ ਵਾਰ-ਵਾਰ ਯਾਦ ਦਿਵਾਇਆ। ਹਾਲਾਂਕਿ ਪ੍ਰਕਿਰਿਆ ਪੂਰੀ ਨਾ ਹੋਣ ਕਾਰਨ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਅਤੇ ਵੀਰਵਾਰ ਨੂੰ ਸਵੇਰੇ 9:30 ਵਜੇ (ਸਥਾਨਕ ਸਮੇਂ) ਤੋਂ ਸੁਣਵਾਈ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਦੌਰਾਨ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਇਮਰਾਨ ਖ਼ਾਨ 'ਤੇ ਆਪਣੀ 'ਅਯੋਗ' ਸਰਕਾਰ ਨੂੰ ਬਚਾਉਣ ਅਤੇ ਕੁਝ ਹੋਰ ਦਿਨ ਸੱਤਾ 'ਚ ਬਣੇ ਰਹਿਣ ਲਈ ਐਨਐਸਸੀ ਮੀਟਿੰਗ ਦੀ ਵਰਤੋਂ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਵਿੱਚ ਸ਼ਾਮਲ ਸੁਰੱਖਿਆ ਏਜੰਸੀਆਂ ਕਥਿਤ ਧਮਕੀ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ।