ਮਨੀ ਲਾਂਡਰਿੰਗ, ਅੱਤਵਾਦ ਵਿੱਤ ਪੋਸ਼ਣ ਨਾਲ ਸਬੰਧਤ 10 ਮਾਪਦੰਡਾਂ ''ਤੇ ਪਾਕਿ ਦਾ ਪ੍ਰਦਰਸ਼ਨ ਘੱਟ : ਏਪੀਜੀ
Tuesday, Sep 13, 2022 - 03:28 PM (IST)
ਇਸਲਾਮਾਬਾਦ (ਭਾਸ਼ਾ)- ਵਿੱਤੀ ਐਕਸ਼ਨ ਟਾਸਕ ਫੋਰਸ (FATF) ਦੇ ਏਸ਼ੀਆ-ਪ੍ਰਸ਼ਾਂਤ ਸਮੂਹ ਨੇ ਮਨੀ ਲਾਂਡਰਿੰਗ ਅਤੇ ਅੱਤਵਾਦ ਫੰਡਿੰਗ ਨਾਲ ਨਜਿੱਠਣ ਲਈ 11 ਵਿੱਚੋਂ 10 ਅੰਤਰਰਾਸ਼ਟਰੀ ਮਾਪਦੰਡਾਂ 'ਤੇ ਪਾਕਿਸਤਾਨ ਦੀ ਪ੍ਰਭਾਵਸ਼ੀਲਤਾ ਨੂੰ 'ਘੱਟ' ਦਰਜਾ ਦਿੱਤਾ ਹੈ। ਇਹ ਜਾਣਕਾਰੀ ਮੰਗਲਵਾਰ ਨੂੰ ਇਕ ਮੀਡੀਆ ਖ਼ਬਰ 'ਚ ਦਿੱਤੀ ਗਈ। ਐੱਫ.ਏ.ਟੀ.ਐੱਫ. ਅੱਤਵਾਦ ਦੇ ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ 'ਤੇ ਇੱਕ ਗਲੋਬਲ ਨਿਗਰਾਨੀ ਸੰਸਥਾ ਹੈ। ਦਿ ਡਾਨ ਦੀ ਰਿਪੋਰਟ ਮੁਤਾਬਕ ਐੱਫ.ਏ.ਟੀ.ਐੱਫ. ਦੇ ਸਿਡਨੀ ਸਥਿਤ ਖੇਤਰੀ ਭਾਈਵਾਲ ਏਸ਼ੀਆ ਪੈਸੀਫਿਕ ਗਰੁੱਪ (APG) ਨੇ ਆਪਣੇ ਖੇਤਰੀ ਮੈਂਬਰਾਂ ਦੀ ਰੇਟਿੰਗ 'ਤੇ 2 ਸਤੰਬਰ ਤੱਕ ਇੱਕ ਅਪਡੇਟ ਜਾਰੀ ਕੀਤਾ, ਜਿਸ ਵਿੱਚ ਕਿਹਾ ਗਿਆ ਕਿ ਪਾਕਿਸਤਾਨ ਨੇ 11 ਟੀਚਿਆਂ ਵਿੱਚੋਂ ਸਿਰਫ਼ ਇੱਕ ਵਿਚ ਹੀ ਮੱਧਮ ਪੱਧਰ ਦੀ ਪ੍ਰਭਾਵਸ਼ੀਲਤਾ ਦਿਖਾਈ ਹੈ।
ਗਰੁੱਪ ਮੁਤਾਬਕ ਪਾਕਿਸਤਾਨ ਨੇ ਢੁੱਕਵੀਂ ਜਾਣਕਾਰੀ ਦੇਣ, ਵਿੱਤੀ ਜਾਣਕਾਰੀ ਅਤੇ ਸਬੂਤ ਮੁਹੱਈਆ ਕਰਾਉਣ ਅਤੇ ਅਪਰਾਧੀਆਂ ਅਤੇ ਉਨ੍ਹਾਂ ਦੀਆਂ ਜਾਇਦਾਦਾਂ ਵਿਰੁੱਧ ਕਾਰਵਾਈ ਕਰਨ ਲਈ ਕੌਮਾਂਤਰੀ ਸਹਿਯੋਗ ਦਿੱਤਾ ਹੈ। ਐੱਫ.ਏ.ਟੀ.ਐੱਫ. ਅਤੇ ਏਪੀਜੀ ਦੇ ਇੱਕ 15-ਮੈਂਬਰੀ ਸੰਯੁਕਤ ਵਫ਼ਦ ਨੇ 29 ਅਗਸਤ ਤੋਂ 2 ਸਤੰਬਰ ਤੱਕ ਪਾਕਿਸਤਾਨ ਦਾ ਦੌਰਾ ਕੀਤਾ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਸਨੇ ਜੂਨ 2018 ਵਿੱਚ ਐੱਫ.ਏ.ਟੀ.ਐੱਫ.ਦੇ ਨਾਲ ਉੱਚ ਪੱਧਰ 'ਤੇ ਤਿਆਰ ਕੀਤੀ 34-ਨੁਕਤੀ ਕਾਰਜ ਯੋਜਨਾ ਨੂੰ ਕਿੰਨੀ ਚੰਗੀ ਤਰ੍ਹਾਂ ਲਾਗੂ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ- ਰਿਪੋਰਟ 'ਚ ਖੁਲਾਸਾ : ਸ਼੍ਰੀਲੰਕਾ, ਪਾਕਿਸਤਾਨ, ਮਾਲਦੀਵ ਸਮੇਤ 97 ਦੇਸ਼ ਚੀਨ ਦੇ ਕਰਜ਼ 'ਚ ਡੁੱਬੇ
ਇਸ ਸਾਲ ਫਰਵਰੀ ਵਿੱਚ ਟਾਸਕ ਫੋਰਸ ਨੇ ਪਾਇਆ ਕਿ ਪਾਕਿਸਤਾਨ ਨੇ ਸਾਰੇ 34 ਨੁਕਤਿਆਂ ਨੂੰ ਕਾਫੀ ਹੱਦ ਤੱਕ ਲਾਗੂ ਕਰ ਦਿੱਤਾ ਹੈ। ਪਾਕਿਸਤਾਨ ਨੂੰ ਰਸਮੀ ਤੌਰ 'ਤੇ 'ਗ੍ਰੇ' ਸੂਚੀ ਤੋਂ ਬਾਹਰ ਕੀਤੇ ਜਾਣ ਤੋਂ ਪਹਿਲਾਂ ਟਾਸਕ ਫੋਰਸ ਨੇ ਦੇਸ਼ ਦਾ ਦੌਰਾ ਕਰਨ ਦਾ ਫ਼ੈਸਲਾ ਕੀਤਾ ਸੀ। ਐੱਫ.ਏ.ਟੀ.ਐੱਫ.-ਏਪੀਜੀ ਮੁਲਾਂਕਣ ਵਿਧੀ ਦੇ ਤਹਿਤ ਇਹ ਰੇਟਿੰਗ ਦਰਸਾਉਂਦੀ ਹੈ ਕਿ ਕਿਸੇ ਦੇਸ਼ ਦੀ ਕਾਰਵਾਈ ਕਿਸ ਹੱਦ ਤੱਕ ਪ੍ਰਭਾਵਸ਼ਾਲੀ ਰਹੀ ਹੈ। ਏਪੀਜੀ ਨੇ ਕਿਹਾ ਕਿ ਮਨੀ ਲਾਂਡਰਿੰਗ ਅਤੇ ਅੱਤਵਾਦ ਦੇ ਵਿੱਤ ਪੋਸ਼ਣ ਦਾ ਮੁਕਾਬਲਾ ਕਰਨ ਲਈ 10 ਅੰਤਰਰਾਸ਼ਟਰੀ ਮਾਪਦੰਡਾਂ ਦੇ ਤਹਿਤ ਪਾਕਿਸਤਾਨ ਦੀ ਪ੍ਰਭਾਵਸ਼ੀਲਤਾ ਹੇਠਲੇ ਪੱਧਰ ਦੀ ਰਹੀ ਹੈ।