ਪਾਕਿ ਵਿਦੇਸ਼ ਮੰਤਰੀ ਨੇ ਕੋਰੋਨਾ ਤੋਂ ਪ੍ਰਭਾਵਿਤ ਭਾਰਤੀਆਂ ਪ੍ਰਤੀ ਪ੍ਰਗਟਾਈ ਹਮਦਰਦੀ
Saturday, Apr 24, 2021 - 05:02 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਭਾਰਤ ’ਚ ਕੋਰੋਨਾ ਦੇ ਮਾਮਲਿਆਂ ’ਚ ਤੇਜ਼ ਰਫਤਾਰ ਨਾਲ ਹੋ ਰਹੇ ਵਾਧੇ ਦੇ ਮੱਦੇਨਜ਼ਰ ਭਾਰਤੀਆਂ ਪ੍ਰਤੀ ਸ਼ਨੀਵਾਰ ਨੂੰ ਸਮਰਥਨ ਪ੍ਰਗਟ ਕੀਤਾ ਤੇ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ। ਕੁਰੈਸ਼ੀ ਨੇ ਕਿਹਾ ਕਿ ਕੋਰੋਨਾ ਸੰਕਟ ਇਹ ਯਾਦ ਦਿਵਾਉਂਦਾ ਹੈ ਕਿ ਮਾਨਵਤਾ ਦੇ ਮੁੱਦਿਆਂ ’ਤੇ ਸਿਆਸਤ ਤੋਂ ਉਪਰ ਉੱਠ ਕੇ ਕਦਮ ਵਧਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ, ਜਿਸ ਨੇ ਸਾਡੇ ਖੇਤਰ ’ਚ ਕਹਿਰ ਵਰ੍ਹਾਇਆ ਹੈ, ਦੀ ਮੌਜੂਦਾ ਲਹਿਰ ਦਰਮਿਆਨ ਅਸੀਂ ਭਾਰਤ ਦੇ ਲੋਕਾਂ ਪ੍ਰਤੀ ਸਮਰਥਨ ਪ੍ਰਗਟ ਕਰਦੇ ਹਾਂ। ਪਾਕਿਸਤਾਨ ਦੇ ਲੋਕਾਂ ਵੱਲੋਂ ਮੈਂ ਭਾਰਤ ’ਚ ਪ੍ਰਭਾਵਿਤ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਪਾਕਿਸਤਾਨ ਇਸ ਮਹਾਮਾਰੀ ਨਾਲ ਨਜਿੱਠਣ ਲਈ ਦੱਖਣੀ ਦੇਸ਼ਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲਾ (ਭਾਰਤ) ਦੇ ਸ਼ਨੀਵਾਰ ਦੇ ਅੰਕੜਿਆਂ ਦੇ ਹਿਸਾਬ ਨਾਲ ਕੋਰੋਨਾ ਵਾਇਰਸ ਦੇ 3,46,786 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਭਾਰਤ ’ਚ ਪੀੜਤਾਂ ਦੀ ਗਿਣਤੀ 1,66,10,481 ਹੋ ਗਈ, ਜਦਕਿ ਫਿਲਹਾਲ 25 ਲੱਖ ਮਰੀਜ਼ ਇਲਾਜ ਅਧੀਨ ਹਨ। 12,624 ਮਰੀਜ਼ਾਂ ਦੀ ਮੌਤ ਹੋਣ ਨਾਲ ਭਾਰਤ ’ਚ ਹੁਣ ਤਕ 1,89,544 ਲੋਕ ਇਸ ਲਾਗ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ।
ਪਾਕਿਸਤਾਨ ਦੇ ਸਿਹਤ ਮੰਤਰਾਲਾ ਅਨੁਸਾਰ ਦੇਸ਼ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਨਾਲ 157 ਲੋਕਾਂ ਦੀ ਜਾਨ ਚਲੀ ਗਈ, ਨਾਲ ਹੀ ਪਾਕਿਸਤਾਨ ’ਚ ਇਸ ਮਹਾਮਾਰੀ ਦੇ 5908 ਨਵੇਂ ਮਾਮਲੇ ਵੀ ਆਏ। ਕੁਰੈਸ਼ੀ ਦਾ ਟਵੀਟ ਅਜਿਹੇ ਸਮੇਂ ਆਇਆ ਹੈ, ਜਦੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਕਸ਼ਮੀਰ ਮੁੱਦੇ ’ਤੇ ਸਬੰਧਾਂ ’ਚ ਸੁਧਾਰ ਆ ਰਿਹਾ ਹੈ। 2019 ’ਚ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਵਾਪਸ ਲੈਣ ਦੇ ਭਾਰਤ ਸਰਕਾਰ ਦੇ ਫੈਸਲੇ ਨਾਲ ਪਾਕਿਸਤਾਨ ਨਾਰਾਜ਼ ਹੋ ਗਿਆ ਸੀ ਤੇ ਉਸ ਨੇ ਭਾਰਤ ਨਾਲੋਂ ਕੂਟਨੀਤਕ ਸਬੰਧ ਘਟਾਉਂਦੇ ਹੋਏ ਭਾਰਤੀ ਹਾਈ ਕਮਿਸ਼ਨ ਨੂੰ ਵਾਪਸ ਭੇਜ ਦਿੱਤਾ ਸੀ। ਪਾਕਿਸਤਾਨ ਨੇ ਭਾਰਤ ਨਾਲ ਸਾਰੇ ਹਵਾਈ ਤੇ ਸੜਕੀ ਸੰਪਰਕਾਂ ਨੂੰ ਖਤਮ ਕਰ ਦਿੱਤਾ ਸੀ ਤੇ ਵਪਾਰ ਤੇ ਰੇਲ ਸੇਵਾਵਾਂ ਰੱਦ ਕਰ ਦਿੱਤੀਆਂ ਸਨ।