ਪਾਕਿਸਤਾਨ : ਇਮਰਾਨ ਖਾਨ ਦੀ ਪਤਨੀ ਦੀ ਦੋਸਤ ਫਰਾਹ ਖਾਨ ਖ਼ਿਲਾਫ਼ ਭ੍ਰਿਸ਼ਟਾਚਾਰ ਮਾਮਲੇ ''ਚ ਜਾਂਚ ਦੇ ਹੁਕਮ
Friday, Apr 29, 2022 - 10:31 AM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ ਦੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨੀ ਸੰਸਥਾ ਨੇ ਵੀਰਵਾਰ ਨੂੰ ਬੇਦਖਲ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਦੀ ਕਰੀਬੀ ਦੋਸਤ ਫਰਾਹ ਖਾਨ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਡਾਨ ਦੀ ਰਿਪੋਰਟ ਮੁਤਾਬਕ ਲਾਹੌਰ ਦੀ ਭ੍ਰਿਸ਼ਟਾਚਾਰ ਵਿਰੋਧੀ ਨਿਗਰਾਨੀ ਸੰਸਥਾ ਦੇ ਡੀਜੀ ਨੂੰ ਫਰਾਹ ਖਾਨ ਖ਼ਿਲਾਫ਼ ਜਾਂਚ ਸ਼ੁਰੂ ਕਰਨ ਦੇ ਹੁਕਮ ਦਿੱਤੇ ਗਏ ਹਨ।ਖਦਸ਼ਾ ਜਤਾਇਆ ਜਾ ਰਿਹਾ ਸੀ ਕਿ ਪਾਕਿਸਤਾਨ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਫਰਾਹ ਖ਼ਾਨ ਨੂੰ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ। ਉਸ ਦਾ ਪਤੀ ਅਹਿਸਾਨ ਜਮੀਲ ਗੁੱਜਰ ਪਹਿਲਾਂ ਹੀ ਅਮਰੀਕਾ ਜਾ ਚੁੱਕਾ ਹੈ। ਇਸ ਲਈ ਉਹ 3 ਅਪ੍ਰੈਲ ਨੂੰ ਹੀ ਦੁਬਈ ਪਹੁੰਚੀ ਸੀ। ਉਸੇ ਦਿਨ ਪਾਕਿਸਤਾਨ ਨੈਸ਼ਨਲ ਅਸੈਂਬਲੀ ਵਿੱਚ ਵਿਰੋਧੀ ਧਿਰ ਵੱਲੋਂ ਪੇਸ਼ ਕੀਤੇ ਗਏ ਬੇਭਰੋਸਗੀ ਮਤੇ ਨੂੰ ਰੱਦ ਕਰ ਦਿੱਤਾ ਗਿਆ ਸੀ।
600 ਕਰੋੜ ਦਾ ਘਪਲਾ
ਵਿਰੋਧੀ ਧਿਰ ਦਾ ਦੋਸ਼ ਹੈ ਕਿ ਫਰਾਹ ਨੇ ਅਧਿਕਾਰੀਆਂ ਨੂੰ ਮਨਚਾਹੇ ਅਹੁਦੇ ਦਿਵਾ ਕੇ ਮੋਟੀ ਕਮਾਈ ਕੀਤੀ ਹੈ। ਇਹ ਪਾਕਿਸਤਾਨ ਦਾ ਸਭ ਤੋਂ ਵੱਡਾ ਘਪਲਾ ਹੈ ਅਤੇ ਫਰਾਹ ਨੇ 600 ਕਰੋੜ ਪਾਕਿਸਤਾਨੀ ਰੁਪਏ ਵਸੂਲੇ ਹਨ। ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਪਾਕਿਸਤਾਨ ਮੁਸਲਿਮ ਲੀਗ (ਪੀ.ਐੱਮ.ਐੱਲ.)-ਐੱਨ ਦੀ ਉਪ ਪ੍ਰਧਾਨ ਮਰੀਅਮ ਦਾ ਦਾਅਵਾ ਹੈ ਕਿ ਫਰਾਹ ਦਾ ਭ੍ਰਿਸ਼ਟਾਚਾਰ ਇਮਰਾਨ ਅਤੇ ਬੁਸ਼ਰਾ ਦੇ ਇਸ਼ਾਰੇ 'ਤੇ ਚੱਲ ਰਿਹਾ ਸੀ। ਇਮਰਾਨ ਨੂੰ ਡਰ ਹੈ ਕਿ ਸੱਤਾ ਹਟਦੇ ਹੀ ਉਨ੍ਹਾਂ ਦੇ ਘਪਲੇ ਸਾਹਮਣੇ ਆ ਸਕਦੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿ ਸਰਕਾਰ ਦਾ ਅਹਿਮ ਫ਼ੈਸਲਾ, ਕਰਤਾਰਪੁਰ ਸਾਹਿਬ ਦੇ ਖੂਹ ਦਾ ਪਵਿੱਤਰ ਜਲ ਵੇਚਣ 'ਤੇ ਲਾਈ ਰੋਕ
ਸਾਰੇ ਘਪਲਿਆਂ ਦੀ ਜੜ੍ਹ ਫਰਾਹ ਖਾਨ : ਮਰੀਅਮ ਨਵਾਜ਼
ਫਰਾਹ ਦੇ ਭੱਜਣ ਤੋਂ ਬਾਅਦ ਪੀਐਮਐਲ-ਐਨ ਦੀ ਨੇਤਾ ਮਰੀਅਮ ਨਵਾਜ਼ ਨੇ ਕਿਹਾ ਸੀ ਕਿ ਫਰਾਹ ਸਾਰੇ ਘਪਲਿਆਂ ਦੀ ਜੜ੍ਹ ਹੈ। ਉਸ ਨੇ ਪੰਜਾਬ ਸੂਬੇ ਵਿੱਚ ਤਬਾਦਲਿਆਂ ਤੋਂ 6 ਅਰਬ ਰੁਪਏ ਕਮਾਏ ਹਨ। ਉਸ ਦੇ ਬੇਨਿਗਾਲਾ (ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਰਿਹਾਇਸ਼) ਨਾਲ ਸਿੱਧੇ ਸਬੰਧ ਹਨ। ਹਾਲ ਹੀ ਵਿੱਚ ਹਟਾਏ ਗਏ ਪੰਜਾਬ ਦੇ ਗਵਰਨਰ ਚੌਧਰੀ ਸਰਵਰ ਅਤੇ ਇਮਰਾਨ ਦੇ ਪੁਰਾਣੇ ਦੋਸਤ ਅਤੇ ਪੀਟੀਆਈ ਫੰਡਰੇਜ਼ਰ ਅਲੀਮ ਖਾਨ ਨੇ ਵੀ ਦੋਸ਼ ਲਗਾਇਆ ਹੈ ਕਿ ਫਰਾਹ ਨੇ ਸਾਬਕਾ ਮੁੱਖ ਮੰਤਰੀ ਉਸਮਾਨ ਬੁਜ਼ਦਾਰ ਰਾਹੀਂ ਪੰਜਾਬ ਵਿੱਚ ਟਰਾਂਸਫਰ-ਪੋਸਟਿੰਗ ਰਾਹੀਂ ਅਰਬਾਂ ਰੁਪਏ ਕਮਾਏ ਹਨ। ਦੂਜੇ ਪਾਸੇ ਇਹ ਵੀ ਖ਼ਬਰਾਂ ਹਨ ਕਿ ਇਮਰਾਨ ਦੇ ਅਹੁਦਾ ਛੱਡਦੇ ਹੀ ਉਨ੍ਹਾਂ ਦੇ ਕਈ ਕਰੀਬੀ ਦੋਸਤਾਂ ਨੇ ਵੀ ਦੇਸ਼ ਛੱਡਣ ਦੀ ਯੋਜਨਾ ਬਣਾ ਲਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।