ਪਾਕਿਸਤਾਨ ’ਚ PPP ਨੇ ਮਸਜਿਦ-ਏ-ਨਬਵੀ ਅਪਮਾਨ ਵਿਰੁੱਧ ਸੂਬਾ-ਵਿਆਪੀ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ

Monday, May 02, 2022 - 03:00 PM (IST)

ਪਾਕਿਸਤਾਨ ’ਚ PPP ਨੇ ਮਸਜਿਦ-ਏ-ਨਬਵੀ ਅਪਮਾਨ ਵਿਰੁੱਧ ਸੂਬਾ-ਵਿਆਪੀ ਵਿਰੋਧ ਪ੍ਰਦਰਸ਼ਨ ਦਾ ਕੀਤਾ ਐਲਾਨ
ਪੇਸ਼ਾਵਰ: ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ਸਿੰਧ ਨੇ ਮਸਜਿਦ-ਏ-ਨਬਵੀ ਵਿੱਚ ਨਾਅਰੇਬਾਜ਼ੀ ਅਤੇ ਨਫ਼ਰਤ ਭਰੇ ਭਾਸ਼ਣ ਦੀ ਘਟਨਾ ਦੇ ਖ਼ਿਲਾਫ਼ ਸੂਬੇ ਭਰ ਵਿੱਚ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਪੀ.ਪੀ.ਪੀ. ਸਿੰਧ ਦੇ ਪ੍ਰਧਾਨ ਨਿਸਾਰ ਅਹਿਮਦ ਖੁਹਰੋ ਨੇ ਕਿਹਾ ਕਿ ਪੀ.ਪੀ.ਪੀ. ਮਸਜਿਦ-ਏ-ਨਬਵੀ ਦਾ ਅਪਮਾਨ ਕਰਨ ਵਾਲੀ ਪੀ.ਟੀ.ਆਈ. ਦੀ ਕਾਰਵਾਈ ਖ਼ਿਲਾਫ਼ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ 'ਤੇ ਪ੍ਰਦਰਸ਼ਨ ਕਰੇਗੀ। ਉਨ੍ਹਾਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਧਾਰਮਿਕ ਸਥਾਨਾਂ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ।

ਉਨ੍ਹਾਂ ਕਿਹਾ ਕਿ ਰਿਆਸਤ-ਏ-ਮਦੀਨਾ ਨੂੰ ਸਥਾਪਿਤ ਕਰਨ ਦਾ ਦਾਅਵਾ ਕਰਨ ਵਾਲੀ ਪੀ.ਟੀ.ਆਈ ਨੇ ਮਦੀਨਾ ਵਿੱਚ ਖੜ੍ਹੇ ਹੋ ਕੇ ਮਦੀਨਾ ਦਾ ਅਪਮਾਨ ਕੀਤਾ ਹੈ। ਦੂਜੇ ਪਾਸੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਸਮਰਥਕਾਂ ਨੂੰ ਮਈ ਦੇ ਆਖ਼ਰੀ ਹਫ਼ਤੇ ਰਾਜਧਾਨੀ ਇਸਲਾਮਾਬਾਦ ਵੱਲ ਮਾਰਚ ਕਰਨ ਲਈ ਤਿਆਰ ਰਹਿਣ ਲਈ ਕਿਹਾ ਹੈ। ਖਾਨ ਨੇ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਬਾਅਦ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ। 

ਖਾਨ ਨੇ ਵੀਡੀਓ ਸੰਦੇਸ਼ 'ਚ ਕਿਹਾ, ''ਇਹ ਅਪੀਲ ਪੂਰੇ ਪਾਕਿਸਤਾਨ ਲਈ ਹੈ, ਸਿਰਫ਼ ਉਨ੍ਹਾਂ ਦੀ ਪਾਰਟੀ ਲਈ ਨਹੀਂ।’’ ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਅਪੀਲ ਇਸ ਲਈ ਕੀਤੀ ਹੈ, ਕਿਉਂਕਿ ਦੇਸ਼ ਨੂੰ ਬਦਨਾਮ ਕੀਤਾ ਗਿਆ ਹੈ ਅਤੇ ਵਿਦੇਸ਼ੀ ਸਾਜ਼ਿਸ਼ ਦੇ ਜ਼ਰੀਏ ਸਭ ਤੋਂ ਭ੍ਰਿਸ਼ਟ ਲੋਕਾਂ ਨੂੰ ਸੱਤਾ ਦੀ ਕਮਾਨ 'ਤੇ ਬਿਠਾਇਆ ਗਿਆ ਹੈ। ਉਸਨੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਦੀ ਵੀ ਆਲੋਚਨਾ ਕਰਦਿਆਂ ਕਿਹਾ ਕਿ ਉਨ੍ਹਾਂ (ਸ਼ਹਿਬਾਜ਼) ਨੂੰ "ਅਪਰਾਧ ਮੰਤਰੀ" ਕਿਹਾ ਜਾ ਰਿਹਾ ਹੈ, ਕਿਉਂਕਿ 60 ਫੀਸਦੀ ਕੈਬਨਿਟ ਮੈਂਬਰ ਜ਼ਮਾਨਤ 'ਤੇ ਹਨ।


author

rajwinder kaur

Content Editor

Related News