ਕੋਰੋਨਾ ਆਫ਼ਤ ਦੌਰਾਨ ਪਾਕਿ ''ਚ ਮਿਲਿਆ ਪੋਲੀਓ ਦਾ ਨਵਾਂ ਕੇਸ
Monday, Nov 30, 2020 - 02:38 PM (IST)
ਇਸਲਾਮਾਬਾਦ (ਬਿਊਰੋ): ਕੋਰੋਨਾ ਕਾਰਨ ਗਲੋਬਲ ਪੱਧਰ 'ਤੇ ਪ੍ਰਭਾਵਿਤ ਹੋਈ ਟੀਕਾਕਰਨ ਮੁਹਿੰਮ ਦੇ ਮਾੜੇ ਨਤੀਜੇ ਸਾਹਮਣੇ ਆ ਰਹੇ ਹਨ। ਪਾਕਿਸਤਾਨ ਦੇ ਬਲੋਚਿਸਤਾਨ ਵਿਚ ਐਤਵਾਰ ਨੂੰ ਪੋਲੀਓ ਦਾ ਨਵਾਂ ਮਾਮਲਾ ਸਾਹਮਣੇ ਆਇਆ, ਜਿਸ ਦੇ ਬਾਅਦ ਇਸ ਸਾਲ ਕੁੱਲ ਨਵੇਂ ਮਾਮਲਿਆਂ ਦੀ ਗਿਣਤੀ 82 ਹੋ ਗਈ। ਬਲੋਚਿਸਤਾਨ ਵਿਚ ਇਸ ਸਾਲ ਕੁੱਲ 24 ਨਵੇਂ ਮਾਮਲੇ ਸਾਹਮਣੇ ਆਏ ਹਨ।
10 ਮਹੀਨੇ ਦੀ ਬੱਚੀ ਵਿਚ ਪੋਲੀਓ ਦੀ ਪੁਸ਼ਟੀ
ਪਿਛਲੇ ਸਾਲ 147 ਮਾਮਲੇ ਸਾਹਮਣੇ ਆਏ ਸਨ ਜਦਕਿ ਸਾਲ 2018 ਵਿਚ ਇਹ ਗਿਣਤੀ ਸਿਰਫ 12 ਸੀ। ਨੈਸ਼ਨਲ ਇੰਸਟੀਚਿਊਟ ਆਫ ਹੈਲਥ ਦੇ ਇਕ ਅਧਿਕਾਰੀ ਨੇ ਦੱਸਿਆ ਕਿ 10 ਮਹੀਨੇ ਦੀ ਬੱਚੀ ਵਿਚ ਪੋਲੀਓ ਦੀ ਪੁਸ਼ਟੀ ਹੋਈ ਹੈ ਜੋ ਕਵੇਟਾ ਦੀ ਰਹਿਣ ਵਾਲੀ ਹੈ। ਬੱਚੀ ਦੇ ਖੱਬੇ ਪੈਰ ਵਿਚ ਲਕਵੇ ਦੀ ਸ਼ਿਕਾਇਤ ਆਈ ਹੈ। ਮਾਹਰਾਂ ਦੀ ਮੰਨੀਏ ਤਾਂ ਬੱਚੀ ਦਾ ਪਰਿਵਾਰ ਟੀਕਾਕਰਨ ਦੇ ਖਿਲਾਫ਼ ਸੀ ਅਤੇ ਇਹ ਉਸੇ ਫ਼ੈਸਲੇ ਦਾ ਨਤੀਜਾ ਹੈ।
ਪੜ੍ਹੋ ਇਹ ਅਹਿਮ ਖਬਰ- ਵਿਲਟਨ ਗ੍ਰੈਗਰੀ ਬਣੇ ਪਹਿਲੇ ਅਫਰੀਕੀ-ਅਮਰੀਕੀ ਚਰਚ ਕਾਰਡੀਨਲ
ਗੌਰਤਲਬ ਹੈ ਕਿ ਪਾਕਿਸਤਾਨ ਅਤੇ ਅਫਗਾਨਿਸਤਾਨ ਹੀ ਦੁਨੀਆ ਦੇ ਦੋ ਅਜਿਹੇ ਦੇਸ਼ ਹਨ ਜਿੱਥੇ ਪੋਲੀਓ ਦੇ ਮਾਮਲੇ ਸਾਹਮਣੇ ਆਉਂਦੇ ਹਨ। ਇਸ ਨੂੰ ਦੇਖਦੇ ਹੋਏ ਵਿਸ਼ਵ ਸਿਹਤ ਸੰਗਠਨ ਨੇ ਸਾਲ 2014 ਵਿਚ ਇਹਨਾਂ ਦੋਹਾਂ ਦੇਸ਼ਾਂ ਦੇ ਲੋਕਾਂ ਨੂੰ ਦੂਜੇ ਦੇਸ਼ ਦੀ ਯਾਤਰਾ ਦੇ ਦੌਰਾਨ ਪੋਲੀਓ ਟੀਕਾਕਰਨ ਦਾ ਸਰਟੀਫਿਕੇਟ ਆਪਣੇ ਕੋਲ ਰੱਖਣਾ ਲਾਜ਼ਮੀ ਕਰ ਦਿੱਤਾ ਸੀ।