ਮੁਸ਼ੱਰਫ ਵਿਰੁੱਧ ਦੇਸ਼ਧ੍ਰੋਹ ਮਾਮਲੇ ''ਚ 8 ਅਕਤੂਬਰ ਤੋਂ ਰੋਜ਼ਾਨਾ ਸੁਣਵਾਈ
Wednesday, Sep 25, 2019 - 05:27 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਵਿਰੁੱਧ 8 ਅਕਤੂਬਰ ਤੋਂ ਦੋਸ਼ਧ੍ਰੋਹ ਦੇ ਮਾਮਲੇ ਵਿਚ ਸੁਣਵਾਈ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਪਾਕਿਸਤਾਨ ਦੀ ਇਕ ਵਿਸ਼ੇਸ਼ ਅਦਾਲਤ ਨੇ ਦਸੰਬਰ 2013 ਤੋਂ ਪੈਂਡਿੰਗ ਮਾਮਲੇ ਦੀ ਰੋਜ਼ਾਨਾ ਸੁਣਵਾਈ ਦੇ ਆਦੇਸ਼ ਦਿੱਤੇ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਪਿਛਲੀ ਮੁਸਲਿਮ ਲੀਗ-ਨਵਾਜ਼ ਸਰਕਾਰ ਨੇ ਸਾਬਕਾ ਫੌਜ ਮੁਖੀ ਵਿਰੁੱਧ ਨਵੰਬਰ 2007 ਵਿਚ ਸੰਵਿਧਾਨ ਨੂੰ ਮੁਅੱਤਲ ਕਰਨ ਅਤੇ ਐਮਰਜੈਂਸੀ ਲਗਾਉਣ ਵਿਰੁੱਧ ਦੇਸ਼ਧ੍ਰੋਹ ਦਾ ਮਾਮਲਾ ਦਾਇਰ ਕੀਤਾ ਸੀ।
ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਵਿਸ਼ੇਸ਼ ਅਦਾਲਤ ਵਿਚ ਜਸਟਿਸ ਨਜ਼ਰ ਅਕਬਰ ਅਤੇ ਜਸਟਿਸ ਸ਼ਾਹਿਦ ਕਰੀਮ ਦੀ ਬੈਂਚ ਨੇ ਮੰਗਲਵਾਰ ਨੂੰ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਕਾਰਵਾਈ ਸ਼ੁਰੂ ਕੀਤੀ। ਵਿਸ਼ੇਸ਼ ਅਦਾਲਤ ਦੇ ਨਿਰਦੇਸ਼ 'ਤੇ ਕਾਨੂੰਨ ਮੰਤਰਾਲੇ ਵੱਲੋਂ ਮੁਸ਼ੱਰਫ ਦੇ ਵਕੀਲ ਦੇ ਤੌਰ 'ਤੇ ਰਜ਼ਾ ਬਸ਼ੀਰ ਨੂੰ ਨਿਯੁਕਤ ਕੀਤਾ ਹੈ। ਬਸ਼ੀਰ ਨੇ 75 ਸਾਲਾ ਮੁਸ਼ੱਰਫ ਨਾਲ ਬੈਠਕ ਕਰਨ ਦੇ ਬਾਅਦ ਇਕ ਅਰਜ਼ੀ ਦਾਇਰ ਕਰ ਦਿੱਤੀ ਹੈ। ਭਾਵੇਂਕਿ ਅਦਾਲਤ ਨੇ ਅਰਜ਼ੀ ਦਾਇਰ ਕਰਨ 'ਤੇ ਨਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਦੋਸ਼ੀ ਨੂੰ ਪਹਿਲਾਂ ਹੀ ਆਪਣਾ ਬਿਆਨ ਦਰਜ ਕਰਨ ਲਈ ਸੱਦਿਆ ਗਿਆ ਸੀ। ਅਦਾਲਤ ਨੇ ਮੁਸ਼ੱਰਫ ਦੇ ਵਕੀਲ ਬਸ਼ੀਰ ਨੂੰ ਨਿਰਦੇਸ਼ ਦਿੱਤਾ ਕਿ ਉਹ ਬਹਿਸ ਦੀ ਤਿਆਰੀ ਕਰਨ ਕਿਉਂਕਿ ਦੇਸ਼ਧ੍ਰੋਹ ਦੇ ਮੁਕੱਦਮੇ ਦੀ ਸੁਣਵਾਈ 8 ਅਕਤੂਬਰ ਤੋਂ ਰੋਜ਼ਾਨਾ ਹੋਵੇਗੀ।