ਵੱਡਾ ਖੁਲਾਸਾ : ਮੁਸ਼ੱਰਫ ਨੇ ਪਾਕਿਸਤਾਨੀਆਂ ਨੂੰ ਲੁੱਟ ਵਿਦੇਸ਼ਾਂ ''ਚ ਖਰੀਦੀ ਕਰੋੜਾਂ ਦੀ ਜਾਇਦਾਦ
Monday, Sep 07, 2020 - 06:41 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਆਮ ਜਨਤਾ ਨੂੰ ਲੁੱਟ ਕੇ ਅਰਬਾਂ ਦੀ ਦੌਲਤ ਬਣਾਉਣ ਵਾਲੇ ਮਿਲਟਰੀ ਅਧਿਕਾਰੀਆਂ ਦੀ ਪੋਲ ਇਕ-ਇਕ ਕਰ ਕੇ ਹੁਣ ਖੁੱਲ੍ਹਦੀ ਜਾ ਰਹੀ ਹੈ। ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਅਸੀਮ ਬਾਜਵਾ ਦੇ ਬਾਅਦ ਹੁਣ ਸਾਬਕਾ ਫੌਜ ਮੁਖੀ ਅਤੇ ਰਾਸ਼ਟਰਪਤੀ ਰਹੇ ਪਰਵੇਜ਼ ਮੁਸ਼ੱਰਫ ਦੇ ਬਾਰੇ ਵੱਡਾ ਖੁਲਾਸਾ ਹੋਇਆ ਹੈ। ਪਾਕਿਸਤਾਨ ਦੇ ਦਿਲੇਰ ਪੱਤਰਕਾਰ ਅਹਿਮਦ ਨੂਰਾਨੀ ਨੇ ਖੁਲਾਸਾ ਕੀਤਾ ਹੈ ਕਿ ਜਨਰਲ ਪਰਵੇਜ਼ ਮੁਸ਼ੱਰਫ ਨੂੰ ਰਿਟਾਇਰਮੈਂਟ 'ਤੇ 2 ਕਰੋੜ ਰੁਪਏ ਮਿਲੇ ਸਨ ਪਰ ਉਹਨਾਂ ਨੇ ਲੰਡਨ ਅਤੇ ਸੰਯੁਕਤ ਅਰਬ ਅਮੀਰਾਤ ਵਿਚ 20-20 ਕਰੋੜ ਰੁਪਏ ਦੇ ਫਲੈਟ ਖਰੀਦੇ।
ਦਸਤਾਵੇਜ਼ਾਂ ਦੇ ਹਵਾਲੇ ਨਾਲ ਨੂਰਾਨੀ ਨੇ ਜਾਰੀ ਕੀਤੀ ਰਿਪੋਰਟ
ਨੂਰਾਨੀ ਨੇ ਆਪਣੀ ਵੈਬਸਾਈਟ ਫੈਕਟ ਫੋਕਸ 'ਤੇ ਜਾਰੀ ਰਿਪੋਰਟ ਵਿਚ ਬ੍ਰਿਟੇਨ ਅਤੇ ਯੂ.ਏ.ਈ. ਦੇ ਦਸਤਾਵੇਜ਼ਾਂ ਦੇ ਹਵਾਲੇ ਨਾਲ ਦੱਸਿਆ ਕਿ ਮੁਸ਼ੱਰਫ ਨੇ ਲੰਡਨ ਵਿਚ 13 ਮਈ, 2009 ਨੰ ਕਰੀਬ 20 ਕਰੋੜ ਰੁਪਏ ਵਿਚ ਫਲੈਟ ਖਰੀਦਿਆ ਸੀ। ਇਹੀ ਨਹੀਂ ਇਸੇ ਵਿੱਤੀ ਸਾਲ ਵਿਚ ਮੁਸ਼ੱਰਫ ਨੇ ਯੂ.ਏ.ਈ. ਵਿਚ ਵੀ ਕਰੀਬ 20 ਕਰੋੜ ਪਾਕਿਸਤਾਨੀ ਰੁਪਈਆਂ ਵਿਚ ਫਲੈਟ ਖਰੀਦਿਆ ਸੀ। ਮਜ਼ੇਦਾਰ ਗੱਲ ਇਹ ਹੈ ਕਿ ਇਸੇ ਸਾਲ ਉਹਨਾਂ ਨੂੰ ਫੌਜ ਤੋਂ ਰਿਟਾਇਰਮੈਂਟ ਦੇ ਬਾਅਦ ਸਿਰਫ 2 ਕਰੋੜ ਰੁਪਏ ਦਾ ਵਿੱਤੀ ਲਾਭ ਦਿੱਤਾ ਗਿਆ ਸੀ।
ਪੜ੍ਹੋ ਇਹ ਅਹਿਮ ਖਬਰ- ਇੰਗਲੈਂਡ ਦੀ ਫ਼ੌਜ 'ਚ ਸਿੱਖਾਂ ਦੀ ਚੜ੍ਹਦੀ ਕਲਾ, ਸੁਰੱਖਿਆ ਦੇ ਨਾਲ ਕਰ ਰਹੇ ਹਨ ਕੀਰਤਨ (ਵੀਡੀਓ)
ਰਿਪੋਰਟ ਵਿਚ ਕੀਤਾ ਇਹ ਖੁਲਾਸਾ
ਪਾਕਿਸਤਾਨ ਦੇ ਚੋਣ ਕਮਿਸ਼ਨ ਦੇ ਕੋਲ ਸਾਲ 2013 ਵਿਚ ਦਾਖਲ ਕੀਤੇ ਗਏ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਮੁਸ਼ੱਰਫ ਨੇ ਫੌਜ ਤੋਂ ਰਿਟਾਇਰ ਹੁੰਦੇ ਸਮੇਂ ਮਿਲੇ ਘਰ ਜਾਂ ਆਪਣੀ ਇਕ ਵੀ ਜ਼ਮੀਨ ਨਹੀਂ ਵੇਚੀ ਸੀ। ਜਨਰਲ ਮੁਸ਼ੱਰਫ ਸਾਲ ਅਪ੍ਰੈਲ 2009 ਵਿਚ ਨਿਆਂਪਾਲਿਕਾ ਦੀ ਬਹਾਲੀ ਦੇ ਬਾਅਦ ਦੇਸ਼ ਛੱਡ ਕੇ ਚਲੇ ਗਏ ਸਨ। ਉਹਨਾਂ ਨੇ ਲੰਡਨ ਦੇ ਸ਼ਾਨਦਾਰ ਹਾਈਡ ਪਾਰਕ ਇਲਾਕੇ ਵਿਚ ਫਲੈਟ ਖਰੀਦਿਆ ਸੀ। ਇਸ ਦੇ ਇਲਾਵਾ ਉਹਨਾਂ ਨੇ ਦੁਬਈ ਵਿਚ ਵੀ ਸ਼ਾਨਦਾਰ ਇਲਾਕੇ ਵਿਚ 20 ਕਰੋੜ ਰੁਪਏ ਦਾ ਫਲੈਟ ਖਰੀਦਿਆ।
ਜਨਰਲ ਮੁਸ਼ੱਰਫ ਦੀ ਇਸ ਜਾਇਦਾਦ ਦੇ ਖਰੀਦ ਦੇ ਮਾਮਲੇ ਪਾਕਿਸਤਾਨ ਦੀ ਰਾਸ਼ਟਰੀ ਜਵਾਬਦੇਹੀ ਬਿਊਰੋ (ਐੱਨ.ਏ.ਬੀ.) ਦੇ ਕੋਲ ਕਾਫੀ ਸਮੇਂ ਤੋਂ ਪੈਡਿੰਗ ਹਨ। ਪਾਕਿਸਤਾਨੀ ਫੌਜ ਦੀ ਤਾਕਤ 'ਤੇ ਸੱਤਾ ਵਿਚ ਆਏ ਇਮਰਾਨ ਖਾਨ ਨੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੂੰ ਲੰਡਨ ਤੋਂ ਵਾਪਸ ਲਿਆਉਣ ਲਈ ਆਪਣਾ ਜ਼ੋਰ ਲਗਾ ਦਿੱਤਾ ਹੈ ਪਰ ਸਾਬਕਾ ਫੌਜ ਮੁਖੀ ਮੁਸ਼ੱਰਫ ਦੇ ਖਿਲਾਫ਼ ਕਾਰਵਾਈ ਦੇ ਲਈ ਉਹਨਾਂ ਦੀ ਹਿੰਮਤ ਨਹੀਂ ਹੋ ਰਹੀ। ਉੱਥੇ ਮੁਸ਼ੱਰਫ ਦੇ ਬੁਲਾਰੇ ਦਾਅਵਾ ਕਰਦੇ ਹਨ ਕਿ ਸਾਬਕਾ ਜਨਰਲ ਨੇ ਭਾਸ਼ਣ ਦੇ ਕੇ ਪੈਸਾ ਕਮਾਇਆ ਹੈ।