ਪਾਕਿ : ਪਸ਼ਤੂਨ ਨੇਤਾ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ

05/03/2020 9:24:59 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਇਕ ਪਾਸੇ ਜਿੱਥੇ ਕੋਵਿਡ-19 ਦਾ ਕਹਿਰ ਜਾਰੀ ਹੈ ਉੱਥੇ ਪਸ਼ਤੂਨ ਤਹਾਫੁਜ ਮੂਵਮੈਂਟ ਦੇ ਨੇਤਾ (PTM) ਆਰਿਫ ਵਜ਼ੀਰ ਦੀ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਖੈਬਰ ਪਖਤੂਨਖਵਾ ਸੂਬੇ ਦੇ ਦੱਖਣ ਵਜੀਰਿਸਤਾਨ ਵਿਚ ਅਣਪਛਾਤੇ ਲੋਕਾਂ ਨੇ ਆਰਿਫ 'ਤੇ ਸ਼ਰੇਆਮ ਗੋਲੀਆਂ ਚਲਾਈਆਂ। ਇਸ ਮਗਰੋਂ ਉਹਨਾਂ ਨੂੰ ਤੁਰੰਤ ਇਲਾਜ ਲਈ ਇਸਲਾਮਾਬਾਦ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਨੇ ਦਮ ਤੋੜ ਦਿੱਤਾ। ਉਹ ਇਕ ਮਹੀਨੇ ਪਹਿਲਾਂ ਹੀ ਜ਼ਮਾਨਤ 'ਤੇ ਰਿਹਾਅ ਹੋ ਕੇ ਆਏ ਸੀ।

ਅੰਦੋਲਨ ਨੂੰ ਦਬਾਉਣ ਦੀ ਕੋਸ਼ਿਸ਼
ਆਰਿਫ ਦੇ ਭਰਾ ਨੇ ਕਿਹਾ ਕਿ ਉਹਨਾਂ ਨੂੰ 3 ਗੋਲੀਆਂ ਲੱਗੀਆਂ। ਆਰਿਫ ਦੀ ਮੌਤ ਦੇ ਨਾਲ ਹੀ ਪਾਕਿਸਤਾਨ ਵਿਚ ਪਸ਼ਤੂਨਾਂ 'ਤੇ ਹੋ ਰਹੇ ਅੱਤਿਆਚਾਰ ਦਾ ਚਿਹਰਾ ਸਾਫ ਹੋ ਗਿਆ ਹੈ। ਪਸ਼ਤੂਨਾਂ ਦੇ ਅਧਿਕਾਰਾਂ ਦੇ ਲਈ ਅੰਦੋਲਨ ਚਲਾਇਆ ਜਾ ਰਿਹਾ ਹੈ ਜਿਸ ਨੂੰ ਦੇਸ਼ ਵਿਚ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਿਛਲੇ ਸਾਲ 27 ਮਈ ਨੂੰ ਪੇਸ਼ਾਵਰ, ਸਵਾਤ, ਡੇਰਾ ਇਸਮਾਈਲ ਖਾਨ, ਕਵੇਟਾ, ਖੈਬਰ ਪਖਤੂਨਖਵਾ ਅਤੇ ਬਲੋਚਿਸਤਾਨ ਸੂਬਿਆਂ ਦੇ ਸ਼ਹਿਰਾਂ ਵਿਚ ਵੱਡੇ ਪੱਧਰ 'ਤੇ ਵਿਰੋਧ ਪ੍ਰਦਰਸ਼ਨ ਹੋਏ ਸਨ।

ਫੌਜ ਦੇ ਵਿਰੁੱਧ ਅੰਦੋਲਨ
ਸਾਲ 2018 ਵਿਚ ਸਥਾਪਨਾ ਦੇ ਬਾਅਦ ਤੋਂ ਹੀ ਪੀ.ਟੀ.ਐੱਮ. ਪਾਕਿਸਤਾਨ ਦੀ ਫੌਜ ਦੇ ਵਿਰੁੱਧ ਅੰਦੋਲਨ ਕਰ ਰਿਹਾ ਸੀ। ਇਹਨਾਂ ਲੋਕਾਂ ਦੀ ਮੰਗ ਹੈ ਕਿ ਫੌਜ ਦੇ ਫਰਜ਼ੀ ਐਨਕਾਊਂਟਰਾਂ ਦੀ ਜਾਂਚ ਕੀਤੀ ਜਾਵੇ ਅਤੇ ਲਾਪਤਾ ਹੋਏ ਪਸ਼ਤੂਨਾਂ ਦੀ ਤਲਾਸ਼ ਕੀਤੀ ਜਾਵੇ। ਭਾਵੇਂਕਿ ਪਾਕਿਸਤਾਨ ਵਿਚ ਪਸ਼ਤੂਨਾਂ ਦੀ ਆਵਾਜ਼ ਅਣਸੁਣੀ ਕੀਤੀ ਜਾਂਦੀ ਰਹੀ ਹੈ। ਦੇਸ਼ ਦੇ ਸਾਬਕਾ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਨੇ ਪਿਛਲੇ ਸਾਲ ਸੰਸਦ ਵਿਚ ਇਹ ਮੰਨਿਆ ਸੀਕਿ ਇਸਲਾਮਾਬਾਦ ਦਹਾਕਿਆਂ ਤੋਂ ਪਸ਼ਤੂਨਾਂ ਦਾ ਸ਼ੋਸ਼ਣ ਕਰ ਰਿਹਾ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ 24 ਘੰਟਿਆਂ ਦੌਰਾਨ 1435 ਲੋਕਾਂ ਦੀ ਮੌਤ, ਦੁਨੀਆ ਭਰ 'ਚ 34 ਲੱਖ ਤੋਂ ਵਧੇਰੇ ਪੀੜਤ

ਹੱਤਿਆ ਦੀ ਹੋਵੇ ਜਾਂਚ
ਇਸ ਸਾਲ ਜਨਵਰੀ ਦੇ ਸ਼ੁਰੂ ਵਿਚ ਪੀ.ਟੀ.ਐੱਮ. ਨੇਤਾ ਮੋਹਸਿਨ ਦਾਵਰ ਨੂੰ 28 ਹੋਰ ਲੋਕਾਂ ਦੇ ਨਾਲ ਇਸਲਾਮਾਬਾਦ ਨੈਸ਼ਨਲ ਪ੍ਰੈੱਸ ਕਲੱਬ ਦੇ ਬਾਹਰ ਸ਼ਾਂਤੀਪੂਰਣ ਪ੍ਰਦਰਸ਼ਨ ਕਰਨ ਦੌਰਾਨ ਹਿਰਾਸਤ ਵਿਚ ਲਿਆ ਗਿਆ ਸੀ। ਮੋਹਸਿਨ ਸਮੇਤ 6 ਲੋਕਾਂ ਨੂੰ ਬਾਅਦ ਵਿਚ ਰਿਹਾਅ ਕਰ ਦਿੱਤਾ ਗਿਆ ਪਰ 23 ਲੋਕਾਂ ਨੂੰ ਨਿਆਂਇਕ ਰਿਮਾਂਡ 'ਤੇ ਜੇਲ ਭੇਜ ਦਿੱਤਾ ਗਿਆ। ਐਮਨੈਸਟੀ ਇੰਟਰਨੈਸ਼ਨਲ ਨੇ ਸ਼ਨੀਵਾਰ ਨੂੰ ਕਿਹਾ ਕਿ ਪ੍ਰਸ਼ਾਸਨ ਨੂੰ ਆਰਿਫ ਵਜ਼ੀਰ ਦੀ ਹੱਤਿਆ ਦੀ ਜਾਂਚ ਕਰਨੀ ਚਾਹੀਦੀ ਹੈ।


Vandana

Content Editor

Related News