ਪਾਕਿ ਟਰਾਂਸਜੈਂਡਰ ''ਇੰਟਰਨੈਸ਼ਨਲ ਐਕਟੀਵਿਸਟ ਆਫ ਦੀ ਯੀਅਰ'' ਐਵਾਰਡ ਨਾਲ ਸਨਮਾਨਿਤ

02/12/2020 2:49:08 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਟਰਾਂਸਜੈਂਡਰ ਸਮਾਜਿਕ ਅਤੇ ਰਾਜਨੀਤਕ ਕਾਰਕੁੰਨ ਨਾਯਾਬ ਅਲੀ ਨੂੰ ਉਹਨਾਂ ਦੇ ਕੰਮਾਂ ਲਈ 'ਇੰਟਰਨੈਸ਼ਨਲ ਐਕਟੀਵਿਸਟ ਆਫ ਦੀ ਯੀਅਰ' ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਨਾਲ ਜੁੜੇ ਲੋਕਾਂ ਦੇ ਕੰਮਾਂ ਨੂੰ ਉਜਾਗਰ ਕਰਨ ਵਾਲੇ ਗਾਲਾ ਐਵਾਰਡ ਵੱਲੋਂ ਨਾਯਾਬ ਅਲੀ ਦੇ ਕੰਮਾਂ ਦੀ ਤਾਰੀਫ ਕੀਤੀ ਗਈ ਹੈ। ਪਾਕਿਸਤਾਨੀ ਮੀਡੀਆ ਰਿਪੋਰਟਾਂ ਦੇ ਮੁਤਾਬਕ ਟਰਾਂਸਜੈਂਡਰ ਨਾਯਾਬ ਅਲੀ ਪਹਿਲੀ ਪਾਕਿਸਤਾਨੀ ਹੈ ਜਿਸ ਨੂੰ ਆਇਰਲੈਂਡ ਦੇ ਸਲਾਨਾ ਐੱਲ.ਜੀ.ਬੀ.ਟੀ.ਕਿਊ. ਪਲੱਸ ਐਵਾਰਡ, ਗਾਲਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। 

ਪੁਰਸਕਾਰ ਸਮਾਰੋਹ ਆਇਰਲੈਂਡ ਦੇ ਡਬਲਿਨ ਵਿਚ ਹੋਇਆ। ਨਾਯਾਬ ਉਹਨਾਂ 4 ਲੋਕਾਂ ਵਿਚ ਸ਼ਾਮਲ ਸੀ ਜਿਹਨਾਂ ਨੂੰ ਐਮਨੇਸਟੀ ਇੰਟਰਨੈਸ਼ਨਲ, ਫਰੰਟਲਾਈਨ ਡਿਫੈਂਡਰਜ਼ ਅਤੇ ਇੰਟਰਨੈਸ਼ਨਲ ਐੱਲ.ਜੀ.ਬੀ.ਟੀ.ਕਿਊ. ਐਕਸ਼ਨ ਫਾਊਂਡੇਸ਼ਨ ਵੱਲੋਂ ਗਾਲਾ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। 3 ਹੋਰ ਹਸਤੀਆਂ ਦਾ ਸੰਬੰਧ ਬ੍ਰਾਜ਼ੀਲ, ਕਜ਼ਾਕਿਸਤਾਨ ਅਤੇ ਕਿਰਗਿਸਤਾਨ ਨਾਲ ਸੀ। ਨਾਯਾਬ ਅਲੀ ਨੂੰ ਇਹ ਸਨਮਾਨ ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਅਧਿਕਾਰਾਂ, ਉਹਨਾਂ ਨੂੰ ਨਿਆਂ ਦਿਵਾਉਣ ਦੇ ਨਾਲ-ਨਾਲ ਉਹਨਾਂ ਦੇ ਪੱਖ ਵਿਚ ਕਾਨੂੰਨ ਬਣਾਉਣ ਦੀ ਦਿਸ਼ਾ ਵਿਚ ਕੀਤੇ ਗਏ ਕੰਮਾਂ ਲਈ ਦਿੱਤਾ ਗਿਆ। 

ਪਾਕਿਸਤਾਨ ਦੇ ਪੰਜਾਬ ਦੇ ਓਕਾੜਾ ਦੀ ਰਹਿਣ ਵਾਲੀ ਨਾਯਾਬ ਅਲੀ ਪੋਸਟ ਗ੍ਰੈਜੁਏਟ ਹੈ। ਉਹ ਡਾਕਟਰ ਬਣਨਾ ਚਾਹੁੰਦੀ ਸੀ ਪਰ ਪ੍ਰੀਖਿਆ ਵਿਚ ਸਫਲ ਨਾ ਹੋਣ ਕਾਰਨ ਉਹਨਾਂ ਦੀ ਇਰ ਇੱਛਾ ਅਧੂਰੀ ਰਹਿ ਗਈ। ਇਸ ਦੇ ਬਾਅਦ ਉਹਨਾਂ ਨੇ ਅੰਤਰਰਾਸ਼ਟਰੀ ਸੰਬੰਧ ਵਿਸ਼ੇ ਵਿਚ ਉੱਚ ਸਿੱਖਿਆ ਹਾਸਲ ਕੀਤੀ। ਉਹਨਾਂ ਨੇ ਪਾਕਿਸਤਾਨ ਵਿਚ ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਹਿੱਤਾਂ ਦੀ ਰੱਖਿਆ ਲਈ ਕਈ ਕਾਨੂੰਨਾਂ ਨੂੰ ਬਣਾਉਣ ਵਿਚ ਮੋਹਰੀ ਭੂਮਿਕਾ ਨਿਭਾਈ ਹੈ। ਨਾਯਾਬ ਨੇ ਇਕ ਕੰਪਨੀ ਵੀ ਬਣਾਈ ਹੈ। ਇਸ ਦਾ ਨਾਮ 'ਟਰਾਂਸਜੈਂਡਰ ਰਾਈਟਸ ਕੰਸਲਟੈਂਟ' ਹੈ। 

2017 ਵਿਚ ਓਕਾੜਾ ਵਿਚ ਪਾਕਿਸਤਾਨ ਦਾ ਪਹਿਲਾ ਟਰਾਂਸਜੈਂਡਰ ਭਾਈਚਾਰਕ ਕੇਂਦਰ ਨਾਯਾਬ ਦੀ ਮਿਹਨਤ ਦਾ ਨਤੀਜਾ ਹੈ। ਨਾਯਾਬ ਐੱਲ.ਜੀ.ਬੀ.ਟੀ.ਕਿਊ. ਭਾਈਚਾਰੇ ਦੇ ਨਾਲ-ਨਾਲ ਸਮਾਜ ਦੇ ਹੋਰ ਵਰਗਾਂ ਲਈ ਵੀ ਕੰਮ ਕਰਨ ਵਿਚ ਅੱਗੇ ਰਹਿੰਦੀ ਹੈ। ਉਹਨਾਂ ਨੇ ਇਸਲਾਮਾਬਾਦ ਪੁਲਸ ਲਈ ਇਕ ਨੀਤੀ ਬਣਾਈ ਹੈ ਜਿਸ ਵਿਚ ਪੁਲਸ ਅਤੇ ਜਨਤਾ ਵਿਚਾਲੇ ਸੰਬੰਧਾਂ ਨੂੰ ਵਧੀਆ ਬਣਾਉਣ ਦੇ ਤਰੀਕੇ ਦੱਸੇ ਗਏ ਹਨ।


Vandana

Content Editor

Related News