ਨਵਾਜ਼ ਸ਼ਰੀਫ ਅਤੇ ਉਹਨਾਂ ਦੇ ਜਵਾਈ ''ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ

10/05/2020 5:46:49 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਫੌਜ ਦੇ ਕਾਰਨਾਮਿਆਂ ਦੀ ਪੋਲ ਖੋਲ੍ਹ ਰਹੇ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਖਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪਾਕਿਸਤਾਨੀ ਮੀਡੀਆ ਦੇ ਮੁਤਾਬਕ, ਨਵਾਜ਼ ਸ਼ਰੀਫ ਦੇ ਖਿਲਾਫ਼ ਲਾਹੌਰ ਵਿਚ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ। ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਨੇ ਲੰਡਨ ਵਿਚ ਭੜਕਾਊ ਭਾਸ਼ਣ ਦੇ ਕੇ ਪਾਕਿਸਤਾਨ ਦੀਆਂ ਵੱਕਾਰੀ ਸੰਸਥਾਵਾਂ ਦੇ ਖਿਲਾਫ਼ ਸਾਜਿਸ਼ ਰਚੀ।

ਐੱਫ.ਆਈ.ਆਰ. ਵਿਚ ਕਿਹਾ ਗਿਆ ਹੈ ਕਿ ਨਵਾਜ਼ ਸ਼ਰੀਫ ਦੇ ਇਹਨਾਂ ਭਾਸ਼ਣਾਂ ਦਾ ਉਦੇਸ਼ ਪਾਕਿਸਤਾਨ ਨੂੰ ਗੁੰਡਾਗਰਦੀ ਕਰਨ ਵਾਲਾ ਰਾਜ ਘੋਸ਼ਿਤ ਕਰਨਾ ਹੈ। ਇਸ ਤੋਂ ਇਕ ਦਿਨ ਪਹਿਲਾਂ ਹੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ (ਰਿਟਾਇਰ) ਮੁਹੰਮਦ ਸਫਦਰ ਦੇ ਖਿਲਾਫ਼ ਵੀ ਦੇਸ਼ਧ੍ਰੋਹ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਉਹਨਾਂ 'ਤੇ ਦੇਸ਼ ਅਤੇ ਸੰਸਥਾਵਾਂ ਦੇ ਖਿਲਾਫ਼ ਲੋਕਾਂ ਨੂੰ ਭੜਕਾਉਣ ਦਾ ਦੋਸ਼ ਲੱਗਾ ਸੀ।

ਇਮਰਾਨ ਨੇ ਕਹੀ ਇਹ ਗੱਲ
ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੋਸ਼ ਲਗਾਇਆ ਸੀ ਕਿ ਭਾਰਤ ਪਾਕਿਸਤਾਨੀ ਫੌਜ ਨੂੰ ਕਮਜੋਰ ਕਰਨ ਲਈ ਨਵਾਜ਼ ਸ਼ਰੀਫ ਦੀ ਮਦਦ ਲੈ ਰਿਹਾ ਹੈ। ਇਮਰਾਨ ਨੇ ਕਿਹਾ ਕਿ ਨਵਾਜ਼ ਸ਼ਰੀਫ ਫੌਜ 'ਤੇ ਰਾਜਨੀਤਕ ਦਖਲ ਅੰਦਾਜ਼ੀ ਦਾ ਦੋਸ਼ ਲਗਾ ਕੇ ਇਕ ਖਤਰਨਾਕ ਗੇਮ ਖੇਡ ਰਹੇ ਹਨ। ਉਹਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਇਤਿਹਾਸ ਵਿਚ ਇਸ ਸਮੇਂ ਫੌਜ ਅਤੇ ਸਰਕਾਰ ਦੇ ਵਿਚ ਸਭ ਤੋਂ ਚੰਗਾ ਸੰਬੰਧ ਹੈ। ਇਮਰਾਨ ਦਾ ਇਹ ਬਿਆਨ ਅਜਿਹੇ ਸਮੇਂ ਵਿਚ ਆਇਆ ਹੈ ਜਦੋਂ ਉਹਨਾਂ ਨੇ ਰਾਜਨੀਤੀ ਵਿਚ ਦਖਲ ਅੰਦਾਜ਼ੀ ਅਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸੈਨਾ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ।

ਇਮਰਾਨ ਖਾਨ ਨੇ ਪਕਿਸਤਾਨ ਦੇ ਇਕ ਟੀਵੀ ਚੈਨਲ ਨਾਲ ਗੱਲਬਾਤ ਵਿਚ ਕਿਹਾ,''ਨਵਾਜ਼ ਸ਼ਰੀਫ ਇਕ ਖਤਰਨਾਕ ਗੇਮ ਖੇਡ ਰਹੇ ਹਨ। ਅਲਤਾਫ ਹੁਸੈਨ ਨੇ ਵੀ ਇਸੇ ਤਰ੍ਹਾਂ ਦਾ ਖੇਡ ਖੇਡਿਆ ਸੀ। ਮੈਨੂੰ 100 ਫੀਸਦੀ ਵਿਸ਼ਵਾਸ ਹੈ ਕਿ ਭਾਰਤ ਨਵਾਜ਼ ਸ਼ਰੀਫ ਦੀ ਮਦਦ ਕਰ ਰਿਹਾ ਹੈ।'' ਉਹਨਾਂ ਨੇ ਕਿਹਾ,''ਜੇਕਰ ਸਾਡੀ ਸੈਨਾ ਕਮਜੋਰ ਹੁੰਦੀ ਹੈ ਤਾਂ ਇਹ ਕਿਸ ਦੇ ਹਿੱਤ ਵਿਚ ਹੈ।'' ਇਮਰਾਨ ਨੇ ਕਿਹਾ ਕਿ ਕੁਝ ਮੂਰਖ ਉਦਾਰਵਾਦੀ ਹਨ ਜੋ ਨਵਾਜ਼ ਸ਼ਰੀਫ ਦੇ ਬਿਆਨ ਤੋਂ ਸਹਿਮਤ ਹਨ।
 


Vandana

Content Editor

Related News