ਡਾਕਟਰਾਂ ਨੇ ਦਿੱਤੀ ਸਲਾਹ, ਨਵਾਜ਼ ਸ਼ਰੀਫ ਕਰਨ ''ਸਿਰਫ ਆਰਾਮ''
Friday, Mar 29, 2019 - 03:23 PM (IST)

ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਨੂੰ ਮੈਡੀਕਲ ਆਧਾਰ 'ਤੇ ਜੇਲ ਤੋਂ 6 ਹਫਤੇ ਲਈ ਰਿਹਾਅ ਕੀਤਾ ਗਿਆ ਹੈ। ਸ਼ਰੀਫ ਮੈਡੀਕਲ ਸਿਟੀ (ਐੱਸ.ਐੱਮ.ਸੀ.) ਦੇ ਡਾਕਟਰਾਂ ਨੇ ਵੀਰਵਾਰ ਨੂੰ ਤਿੰਨ ਵਾਰ ਨਵਾਜ਼ ਸ਼ਰੀਫ ਦੀ ਸਿਹਤ ਦੀ ਜਾਂਚ ਕੀਤੀ ਅਤੇ ਛਾਤੀ ਵਿਚ ਦਰਦ ਅਤੇ ਗੁਰਦੇ ਨਾਲ ਸਬੰਧਤ ਮੁਸ਼ਕਲਾਂ ਵਧਣ ਦੇ ਬਾਅਦ ਉਨ੍ਹਾਂ ਨੂੰ 'ਸਿਰਫ ਆਰਾਮ' ਕਰਨ ਦੀ ਸਲਾਹ ਦਿੱਤੀ ਹੈ। ਇੱਥੇ ਦੱਸ ਦਈਏ ਕਿ ਇਸ ਹਸਪਤਾਲ ਦੀ ਸਥਾਪਨਾ ਸਾਬਕਾ ਪੀ.ਐੱਮ. ਦੇ ਪਰਿਵਾਰ ਵਾਲਿਆਂ ਨੇ ਕਰੀਬ ਦੋ ਦਹਾਕੇ ਪਹਿਲਾਂ ਕੀਤੀ ਸੀ।
ਅਦਾਲਤ ਵੱਲੋਂ ਜਮਾਨਤ ਦਿੱਤੇ ਜਾਣ ਦੇ ਬਾਅਦ ਸ਼ਰੀਫ (69) ਨੂੰ ਮੰਗਲਵਾਰ ਰਾਤ ਕੋਟ ਲਖਪਤ ਜੇਲ ਤੋਂ ਰਿਹਾਅ ਕੀਤਾ ਗਿਆ। ਬੀਤੇ ਸਾਲ ਦਸੰਬਰ ਤੋਂ ਸ਼ਰੀਫ ਕੋਟ ਲਖਪਤ ਜੇਲ ਵਿਚ ਬੰਦ ਸਨ। ਉਹ ਅਲ ਅਜ਼ੀਜ਼ੀਆ ਸਟੀਲ ਮਿੱਲਜ਼ ਭ੍ਰਿਸ਼ਟਾਚਾਰ ਮਾਮਲੇ ਵਿਚ 7 ਸਾਲ ਦੀ ਸਜ਼ਾ ਕੱਟ ਰਹੇ ਸਨ। ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਦਿੰਦਿਆਂ ਬੇਟੀ ਮਰਿਅਮ ਨਵਾਜ਼ ਨੇ ਟਵੀਟ ਕਰ ਕੇ ਦੱਸਿਆ,''ਮੀਆਂ ਨਵਾਜ਼ ਸ਼ਰੀਫ ਨੂੰ ਅੱਜ ( ਵੀਰਵਾਰ ਨੂੰ) ਐੱਸ.ਐੱਮ.ਸੀ. ਲਿਜਾਇਆ ਗਿਆ। ਸ਼ੁਰੂਆਤੀ ਜਾਂਚ ਅਤੇ ਕਲੀਨਿਕਲ ਸਮੀਖਿਆ ਕੀਤੀ ਗਈ। ਦਿਲ ਸਬੰਧੀ, ਦਵਾਈ, ਗੁਰਦਾ ਅਤੇ ਮੂਤਰ ਰੋਗ ਮਾਹਰਾਂ, ਪ੍ਰੋਫੈਸਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ। ਬਾਰ-ਬਾਰ ਛਾਤੀ ਵਿਚ ਦਰਦ ਅਤੇ ਗੁਰਦੇ ਦੀ ਵੱਧਦੀ ਸਮੱਸਿਆ ਚਿੰਤਾ ਦੇ ਮੁੱਖ ਕਾਰਨ ਹਨ। ਅੱਗੇ ਦੀ ਜਾਂਚ ਸ਼ੁਕਰਵਾਰ ਨੂੰ ਹੋਵੇਗੀ।'' ਸੂਤਰਾਂ ਮੁਤਾਬਕ ਸਿਹਤ ਕਾਰਨ ਸ਼ਰੀਫ ਪਾਰਟੀ ਦੇ ਨੇਤਾਵਾਂ ਨਾਲ ਸ਼ਾਇਦ ਮੁਲਾਕਾਤ ਨਹੀਂ ਕਰਨਗੇ।
MNS was taken to SMC today. Preliminary work up & clinical review done. Examined by professors of Cardiology, Medicine, Nephrology & Urology. Recurrent angina & deterioration of renal function are the prime concerns. Further investigations planned tomorrow onwards. Advised rest.
— Maryam Nawaz Sharif (@MaryamNSharif) March 28, 2019