ਪਾਕਿ ਸਰਕਾਰ ਵੱਲੋਂ ਨਵਾਜ਼ ਨੂੰ ਵਿਦੇਸ਼ ਯਾਤਰਾ ਲਈ ਨੋਟੀਫਿਕੇਸ਼ਨ ਜਾਰੀ

11/19/2019 10:02:06 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ ਵਿਚ ਹੀ ਰਹੇਗਾ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਰਸਮੀ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੂੰ ਮੈਡੀਕਲ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਇਹ ਫੈਸਲਾ ਲਾਹੌਰ ਹਾਈ ਕੋਰਟ ਦੇ ਆਦੇਸ਼ ਦੇ ਬਾਅਦ ਇਕ ਅੰਤਰਿਮ ਵਿਵਸਥਾ ਦੇ ਰੂਪ ਵਿਚ ਲਿਆ ਗਿਆ ਹੈ। ਸੋਮਵਾਰ (18 ਨਵੰਬਰ) ਨੂੰ ਮੀਡੀਆ ਖਬਰਾਂ ਵਿਚ ਇਮੀਗ੍ਰੇਸ਼ਨ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਗਈ। ਨਵਾਜ਼ ਨੂੰ ਮੰਗਲਵਾਰ ਨੂੰ ਇਲਾਜ ਲਈ ਬ੍ਰਿਟੇਨ ਜਾਂਦੇ ਸਮੇਂ ਅਦਾਲਤ ਦਾ ਆਦੇਸ਼ ਦਿਖਾਉਣਾ ਹੋਵੇਗਾ।

ਲਾਹੌਰ ਹਾਈ ਕੋਰਟ ਨੇ ਇਮਰਾਨ ਖਾਨ ਸਰਕਾਰ ਦੀ ਬਾਂਡ ਜਮਾਂ ਕਰਨ ਦੀ ਸ਼ਰਤ ਨੂੰ ਅਸਵੀਕਾਰ ਕਰਦੇ ਹੋਏ ਨਵਾਜ਼ ਨੂੰ ਇਲਾਜ ਲਈ 4 ਹਫਤੇ ਲਈ ਵਿਦੇਸ਼ ਜਾਣ ਦੀ ਇਜਾਜ਼ਤ ਦਿੱਤੀ ਹੈ। ਉਹ ਅੱਜ ਭਾਵ ਮੰਗਲਵਾਰ ਨੂੰ ਇਲਾਜ ਲਈ ਏਅਰ ਐਂਬੂਲੈਂਸ ਜ਼ਰੀਏ ਲੰਡਨ ਰਵਾਨਾ ਹੋਣਗੇ। ਜੀਓ ਨਿਊਜ਼ ਨੇ ਇਮੀਗ੍ਰੇਸ਼ਨ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਅਦਾਲਤ ਦੇ ਆਦੇਸ਼ ਦੇ ਬਾਵਜੂਦ ਨਵਾਜ਼ ਦਾ ਨਾਮ ਉਨ੍ਹਾਂ ਲੋਕਾਂ ਦੀ ਸੂਚੀ ਵਿਚ ਰਹੇਗਾ ਜਿਨ੍ਹਾਂ ਦੇ ਵਿਦੇਸ਼ ਜਾਣ 'ਤੇ ਰੋਕ ਹੈ। ਇਸ ਸੂਚੀ ਨੂੰ ਨੋ ਫਲਾਈ ਲਿਸਟ ਜਾਂ ਐਗਜ਼ਿਟ ਕੰਟਰੋਲ ਲਿਸਟ (ਈ.ਸੀ.ਐੱਲ.) ਕਿਹਾ ਜਾਂਦਾ ਹੈ। 

ਇਮੀਗ੍ਰੇਸ਼ਨ ਸੂਤਰਾਂ ਦੇ ਮੁਤਾਬਕ ਉਡਾਣ ਭਰਨ ਤੋਂ ਪਹਿਲਾਂ ਅਦਾਲਤ ਦਾ ਆਦੇਸ਼ ਦਿਖਾਉਣਾ ਹੋਵੇਗਾ। ਕਾਨੂੰਨ ਦੇ ਮੁਤਾਬਕ ਸ਼ਰੀਫ ਦਾ ਨਾਮ ਈ.ਸੀ.ਐੱਲ. ਵਿਚ ਰਹੇਗਾ ਪਰ ਅਦਾਲਤ ਦੇ ਆਦੇਸ਼ ਦੇ ਮੁਤਾਬਕ ਉਨ੍ਹਾਂ ਨੂੰ ਦਿੱਤੀ ਗਈ ਛੋਟ ਦਾ ਜ਼ਿਕਰ ਕੰਪਿਊਟਰ ਰਿਕਾਰਡ ਵਿਚ ਦਰਜ ਹੋਵੇਗਾ।


Vandana

Content Editor

Related News