ਪਾਕਿ ''ਚ ਕੋਵਿਡ-19 ਨਾਲ 200 ਤੋਂ ਵੱਧ ਡਾਕਟਰਾਂ ਦੀ ਮੌਤ, ਜਾਣੋ ਤਾਜ਼ਾ ਸਥਿਤੀ
Thursday, May 13, 2021 - 10:45 AM (IST)
ਇਸਲਾਮਬਾਦ (ਬਿਊਰੋ): ਪਾਕਿਸਤਾਨ ਮੈਡੀਕਲ ਐਸੋਸੀਏਸ਼ਨ (ਪੀ.ਐੱਮ.ਏ.) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਇਕ ਪ੍ਰੈੱਸ ਬਿਆਨ ਮੁਤਾਬਕ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ 202 ਤੋਂ ਵੱਧ ਡਾਕਟਰਾਂ ਦੀ ਕੋਰੋਨਾ ਵਾਇਰਸ ਨਾਲ ਮੌਤ ਹੋ ਚੁੱਕੀ ਹੈ ਜਦਕਿ 30 ਪੈਰਾ ਮੈਡੀਕਲ ਡਾਕਟਰ ਵੀ ਕੋਰੋਨਾ ਕਾਰਨ ਆਪਣੀ ਜਾਨ ਗਵਾ ਚੁੱਕੇ ਹਨ।
ਇਸ ਦੌਰਾਨ, ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਪੀ.ਐਮ.ਏ. ਨੇ ਪਾਕਿਸਤਾਨੀ ਸਰਕਾਰ ਨੂੰ 200 ਤੋਂ ਵੱਧ ਡਾਕਟਰਾਂ ਦੇ ਪਰਿਵਾਰਾਂ ਨੂੰ ਸ਼ਹੂਦਾ ਪੈਕੇਜ ਮੁਆਵਜ਼ਾ ਦੇਣ ਦੀ ਅਪੀਲ ਕੀਤੀ, ਜੋ ਕੋਰੋਨਾ ਵਾਇਰਸ ਕਾਰਨ ਮਰ ਚੁੱਕੇ ਹਨ।ਇਨ੍ਹਾਂ ਵਿਚੋਂ 74 ਡਾਕਟਰ ਪੰਜਾਬ ਦੇ ਸਨ ਜਦੋਂ ਕਿ 64 ਸਿੰਧ ਨਾਲ ਸਬੰਧਤ ਸਨ। ਦੀ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ, ਡਾਕਟਰਾਂ ਵਿਚੋਂ ਜਿਨ੍ਹਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਈ, ਉਨ੍ਹਾਂ ਵਿਚੋਂ 53 ਖੈਬਰ ਪਖਤੂਨਖਵਾ ਨਾਲ ਸਬੰਧਤ ਸਨ, ਜਦੋਂ ਕਿ 6 ਬਲੋਚਿਸਤਾਨ ਦੇ, 3 ਮਕਬੂਜ਼ਾ ਕਸ਼ਮੀਰ (ਪੀ.ਓ.ਕੇ) ਦੇ ਅਤੇ ਇਕ ਡਾਕਟਰ ਗਿਲਗਿਤ-ਬਾਲਟੀਸਤਾਨ ਤੋਂ ਸੀ।
ਪੜ੍ਹੋ ਇਹ ਅਹਿਮ ਖਬਰ -ਭਾਰਤੀ-ਅਮਰੀਕੀ ਸਾਂਸਦ ਨੇ ਭਾਰਤ 'ਚ ਕੋਵਿਡ-19 ਸੰਕਟ 'ਤੇ ਕਮਲਾ ਹੈਰਿਸ ਨਾਲ ਕੀਤੀ ਮੁਲਾਕਾਤ
ਪੀ.ਐਮ.ਏ. ਨੇ ਦੱਸਿਆ ਕਿ ਮ੍ਰਿਤਕ ਹੈਲਥਕੇਅਰ ਕਰਮਚਾਰੀਆਂ ਵਿਚੋਂ 24 ਮੈਡੀਕਲ ਅਧਿਕਾਰੀ ਸਨ, 19 ਜਨਰਲ ਡਾਕਟਰ ਸਨ ਅਤੇ 13 ਬੱਚਿਆਂ ਦੇ ਡਾਕਟਰ ਸਨ। ਉਨ੍ਹਾਂ ਵਿਚੋਂ ਨੌਂ ਅਜਿਹੇ ਸਨ ਜੋ ਦਵਾਈ ਦੇ ਪ੍ਰੋਫੈਸਰ ਸਨ ਜਦੋਂ ਕਿ ਈ.ਐਨ.ਟੀ. ਦੇ ਬਹੁਤ ਸਾਰੇ ਮਾਹਰ ਵੀ ਵਾਇਰਸ ਦੇ ਸ਼ਿਕਾਰ ਹੋ ਗਏ। ਪ੍ਰੈਸ ਬਿਆਨ ਮੁਤਾਬਕ, ਪਾਕਿਸਤਾਨ ਵਿਚ ਵਾਇਰਸ ਕਾਰਨ ਮਰੇ ਕੁੱਲ ਸਿਹਤ ਕਰਮਚਾਰੀਆਂ ਵਿਚੋਂ ਸੱਤ ਗਾਇਨੀਕੋਲੋਜਿਸਟ, 6 ਪੈਥੋਲੋਜਿਸਟ ਅਤੇ ਤਿੰਨ ਪੋਸਟ ਗ੍ਰੈਜੂਏਟ ਸਿਖਿਆਰਥੀ ਸ਼ਾਮਲ ਹਨ।
ਐਸੋਸੀਏਸ਼ਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਸ਼ੁਹੁਦਾ ਪੈਕੇਜ ਵਿਚੋਂ ਮੁਆਵਜ਼ਾ ਮੁਹੱਈਆ ਕਰਾਇਆ ਜਾਵੇ ਕਿਉਂਕਿ ਉਹ ਮਹਾਮਾਰੀ ਵਿਰੁੱਧ ਲੜਾਈ ਵਿਚ ਮੋਰਚੇ ਦੇ ਯੋਧੇ ਸਨ। ਉੱਧਰ ਨੈਸ਼ਨਲ ਕਮਾਂਡ ਅਤੇ ਆਪ੍ਰੇਸ਼ਨ ਸੈਂਟਰ (NCOC) ਦੇ ਅੰਕੜਿਆਂ ਮੁਤਾਬਕ, ਬੁੱਧਵਾਰ ਨੂੰ ਇਕ ਦਿਨ ਵਿਚ ਪਾਕਿਸਤਾਨ ਵਿਚ 2,869 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਪਾਕਿਸਤਾਨ ਵਿਚ ਸਕਾਰਾਤਮਕਤਾ ਦਾ ਅਨੁਪਾਤ ਅੱਜ 7.42 ਪ੍ਰਤੀਸ਼ਤ ਹੈ। ਦੇਸ਼ ਭਰ ਵਿਚ ਮੌਜੂਦਾ 76,536 ਐਕਟਿਵ ਮਾਮਲੇ ਹਨ ਜਦਕਿ 771,692 ਠੀਕ ਹੋਣ ਸਬੰਧੀ ਰਿਪੋਰਟ ਕੀਤੇ ਗਏ ਹਨ।