ਪਾਕਿਸਤਾਨ : ਹਿੰਦੂ ਮੰਦਰ ''ਚ ਭੰਨ੍ਹ-ਤੋੜ ਕਰਨ ਵਾਲਾ ਮੁੱਖ ਦੋਸ਼ੀ ਮੌਲਵੀ ਸ਼ਰੀਫ ਗ੍ਰਿਫਤਾਰ
Friday, Jan 01, 2021 - 01:54 PM (IST)
ਇਸਲਾਮਾਬਾਦ- ਪਾਕਿਸਤਾਨ ਦੇ ਖੈਬਰ ਪਖਤੂਨਵਾ ਸੂਬੇ ਵਿਚ ਹਿੰਦੂ ਮੰਦਰ ਨੂੰ ਅੱਗ ਲਗਾਉਣ ਅਤੇ ਉਸ ਨੂੰ ਤੋੜਨ ਦੇ ਮਾਮਲੇ ਵਿਚ ਪੁਲਸ ਨੇ ਮੁੱਖ ਦੋਸ਼ੀ ਮੋਲਵੀ ਮੁਹੰਮਦ ਸ਼ਰੀਫ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਇਸ ਮਾਮਲੇ ਵਿਚ ਜਮੀਅਤ ਉਲੇਮਾ-ਏ-ਇਸਲਾਮ ਦੇ ਦੋ ਸਥਾਨਕ ਮੌਲਵੀਆਂ ਮੌਲਵੀ ਮੁਹੰਮਦ ਸ਼ਰੀਫ ਅਤੇ ਮੌਲਾਨਾ ਫੈਜ਼ੁਲਾਹ ਸਣੇ ਸੈਂਕੜੇ ਅਣਪਛਾਤੇ ਲੋਕਾਂ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਸੀ।
ਦਰਅਸਲ, ਮੰਦਰ ਦੇ ਵਿਸਥਾਰ ਦਾ ਵਿਰੋਧ ਕਰ ਰਹੇ ਲੋਕਾਂ ਨੇ ਮੰਦਰ ਵਿਚ ਤੋੜ-ਭੰਨ੍ਹ ਕਰ ਅੱਗ ਲਗਾ ਦਿੱਤੀ ਸੀ, ਜਿਸ ਦੇ ਬਾਅਦ ਪੁਲਸ ਨੇ 30 ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਖੈਬਰ ਪਖਤੂਨਵਾ ਵਿਚ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਬੁੱਧਵਾਰ ਨੂੰ ਮੰਦਰ 'ਤੇ ਹਮਲੇ ਦੀ ਮਨੁੱਖੀ ਅਧਿਕਾਰ ਸੰਗਠਨਾਂ ਅਤੇ ਹਿੰਦੂ ਨੇਤਾਵਾਂ ਨੇ ਨਿੰਦਾ ਕੀਤੀ। ਸੂਬਾਈ ਸਰਕਾਰ ਨੇ ਅਧਿਕਾਰੀਆਂ ਨੂੰ ਨੁਕਸਾਨੇ ਗਏ ਮੰਦਰ ਦੇ ਮੁੜ ਨਿਰਮਾਣ ਕਰਾਉਣ ਦਾ ਹੁਕਮ ਦਿੱਤਾ ਹੈ ਅਤੇ ਅਪਰਾਧੀਆਂ ਨੂੰ ਸਜ਼ਾ ਦਿਵਾਉਣ ਨੂੰ ਲੈ ਕੇ ਆਸਵੰਦ ਕੀਤਾ।
ਮੰਦਰ 'ਤੇ ਹਮਲੇ ਦੇ ਸਿਲਸਿਲੇ ਵਿਚ ਪੁਲਸ ਨੇ ਪੂਰੀ ਰਾਤ ਕਈ ਥਾਵਾਂ 'ਤੇ ਛਾਪੇ ਮਾਰੇ ਅਤੇ ਗ੍ਰਿਫਤਾਰੀਆਂ ਕੀਤੀਆਂ। ਥਾਣਾ ਮੁਖੀ ਰਹਮਤੁੱਲਾ ਖਾਨ ਨੇ ਦੱਸਿਆ ਕਿ ਖੈਬਰ ਪਖਤੂਨਵਾ ਦੇ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ ਮੰਦਰ 'ਤੇ ਹਮਲੇ ਦੇ ਬਾਅਦ ਕੱਟੜਪੰਥੀ ਜ਼ਮੀਅਤ ਉਲੇਮਾ-ਏ-ਇਸਲਾਮ ਪਾਰਟੀ ਦੇ ਸਮਰਥਕਾਂ ਦੀ ਅਗਵਾਈ ਵਾਲੀ ਭੀੜ ਨੇ ਮੰਦਰ ਦੇ ਵਿਸਥਾਰ ਕਾਰਜ ਦਾ ਵਿਰੋਧ ਕੀਤਾ ਅਤੇ ਮੰਦਰ ਦੇ ਪੁਰਾਣੇ ਢਾਂਚੇ ਦੇ ਨਾਲ-ਨਾਲ ਨਵੇਂ ਬਣ ਰਹੀ ਇਮਾਰਤ ਨੂੰ ਵੀ ਢਾਹ ਦਿੱਤਾ ਸੀ।