ਪਾਕਿਸਤਾਨ ''ਚ ਮਹਿੰਗਾਈ ਸਿਖ਼ਰਾਂ ''ਤੇ, 49 ਫ਼ੀਸਦੀ ਲੋਕ ਇਮਰਾਨ ਖਾਨ ਨੂੰ ਮੰਨਦੇ ਹਨ ਜ਼ਿੰਮੇਵਾਰ
Tuesday, Nov 17, 2020 - 10:14 AM (IST)
![ਪਾਕਿਸਤਾਨ ''ਚ ਮਹਿੰਗਾਈ ਸਿਖ਼ਰਾਂ ''ਤੇ, 49 ਫ਼ੀਸਦੀ ਲੋਕ ਇਮਰਾਨ ਖਾਨ ਨੂੰ ਮੰਨਦੇ ਹਨ ਜ਼ਿੰਮੇਵਾਰ](https://static.jagbani.com/multimedia/2020_10image_16_08_473690863imran.jpg)
ਇਸਲਾਮਾਬਾਦ : ਪਾਕਿਸਤਾਨ 'ਚ ਪਿਛਲੇ 1 ਸਾਲ ਦੌਰਾਨ ਮਹਿੰਗਾਈ ਆਪਣੀ ਸਿਖ਼ਰ 'ਤੇ ਪਹੁੰਚ ਗਈ ਹੈ। ਆਟਾ, ਦਾਲ, ਖੰਡ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਲੋਕ ਇਸ ਦੇ ਲਈ ਪਾਕਿਸਤਾਨ ਦੀ ਇਮਰਾਨ ਸਰਕਾਰ ਨੂੰ ਜ਼ਿੰਮੇਵਾਰ ਮੰਨਦੇ ਹਨ।
ਇਕ ਸਰਵੇ 'ਚ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਦੇ 49 ਫ਼ੀਸਦੀ ਲੋਕਾਂ ਦਾ ਮੰਨਣਾ ਹੈ ਕਿ ਦੇਸ਼ 'ਚ ਮਹਿੰਗਾਈ ਲਈ ਪਾਕਿਸਤਾਨ ਦੀ ਤਹਿਰੀਕ-ਏ-ਇਨਸਾਫ (ਪੀ. ਟੀ. ਆਈ.) ਸਰਕਾਰ ਜ਼ਿੰਮੇਵਾਰ ਹੈ। ਇਪਸੋਸ ਦੇ ਇਕ ਨਵੇਂ ਸਰਵੇਖਣ ਮੁਤਾਬਕ ਪਾਕਿਸਤਾਨ 'ਚ ਮਹਿੰਗਾਈ ਨੇ ਸਾਰੇ ਵਰਗਾਂ ਨੂੰ ਪ੍ਰਭਾਵਿਤ ਕੀਤਾ ਹੈ, ਪਰ ਹੇਠਲੇ ਤਬਕੇ ਸਭ ਤੋਂ ਜ਼ਿਆਦਾ ਪੀੜਤ ਹਨ। 28 ਅਕਤੂਬਰ ਤੋਂ 4 ਨਵੰਬਰ ਤਕ ਕੀਤੀ ਗਈ ਖੋਜ 'ਚ ਪਤਾ ਲੱਗਾ ਹੈ ਕਿ ਅੱਧੇ ਪਾਕਿਸਤਾਨੀਆਂ ਨੇ ਨੋਟ ਪਸਾਰੇ ਲਈ ਸੰਘੀ ਸਰਕਾਰ ਨੂੰ ਦੋਸ਼ੀ ਮੰਨਿਆ ਹੈ।
ਸਰਵੇਖਣ ਵਿਚ ਇਹ ਵੀ ਪਤਾ ਲੱਗਾ ਹੈ ਕਿ ਮਹਿੰਗਾਈ ਨੇ 97 ਫ਼ੀਸਦੀ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਇਪਸੋਸ ਨੇ ਲੋਕਾਂ ਤੋਂ ਪੁੱਛਿਆ ਕਿ ਕੀ ਉਹ ਕੀਮਤਾਂ ਵਿਚ ਵਾਧੇ ਦੇ ਬਾਰੇ ਵਿਚ ਪਰੇਸ਼ਾਨ ਹਨ। ਇਸ ਦੇ ਜਵਾਬ ਵਿਚ 88 ਫ਼ੀਸਦੀ ਲੋਕਾਂ ਨੇ ਮੰਨਿਆ ਹੈ ਕਿ ਉਹ ਪਰੇਸ਼ਾਨ ਹਨ। ਸਰਵੇਖਣ ਮੁਤਾਬਕ ਕੋਰੋਨਾ ਵਾਇਰਸ ਕਾਰਨ 5 ਵਿਚੋਂ 4 ਪਾਕਿਸਤਾਨੀਆਂ (83 ਫ਼ੀਸਦੀ) ਨੂੰ ਆਪਣੀ ਆਮਦਨ ਵਿਚ ਕਟੌਤੀ ਦਾ ਸਾਹਮਣਾ ਕਰਨਾ ਪਿਆ ਹੈ।