ਅਰਥਵਿਵਸਥਾ ਸੁਧਾਰਨ ਲਈ ਪਾਕਿ ਸਰਕਾਰ ਵੇਚੇਗੀ ਸਰਕਾਰੀ ਜਾਇਦਾਦਾਂ
Thursday, Dec 05, 2019 - 02:27 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੀ ਖਸਤਾਹਾਲ ਅਰਥਵਿਵਸਥਾ ਨੂੰ ਸੁਧਾਰਨ ਲਈ ਨਵਾਂ ਫੈਸਲਾ ਲਿਆ ਹੈ। ਇਸ ਫੈਸਲੇ ਦੇ ਤਹਿਤ ਉਨ੍ਹਾਂ ਦੀ ਸਰਕਾਰ ਨੇ ਹੁਣ ਵਿਦੇਸ਼ੀ ਅਤੇ ਪਾਕਿਸਤਾਨੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਆਪਣੀਆਂ ਬਹੁਮੁੱਲੀ ਪਰ ਬੇਕਾਰ ਪਈਆਂ ਸਰਕਾਰੀ ਜਾਇਦਾਦਾਂ ਨੂੰ ਵੇਚਣ ਦਾ ਫੈਸਲਾ ਲਿਆ ਹੈ। ਇਮਰਾਨ ਨੇ ਕਿਹਾ ਹੈ ਕਿ ਜਨ ਕਲਿਆਣ ਪ੍ਰਾਜੈਕਟਾਂ ਲਈ ਫੰਡ ਇਕੱਠਾ ਕਰਨ ਲਈ ਕੀਮਤੀ ਸਰਕਾਰੀ ਜਾਇਦਾਦਾਂ ਨੂੰ ਵੇਚਿਆ ਜਾਵੇਗਾ। ਬਦਕਿਸਮਤੀ ਨਾਲ ਪਿਛਲੀਆਂ ਸਰਕਾਰਾਂ ਦੀ ਲਾਪਰਵਾਹੀ ਦੇ ਕਾਰਨ ਇਨ੍ਹਾਂ ਕੀਮਤੀ ਜਾਇਦਾਦਾਂ ਦੀ ਵਰਤੋਂ ਨਹੀਂ ਹੋਈ ਸੀ।
ਉਨ੍ਹਾਂ ਨੇ ਕਿਹਾ ਕਿ ਅਰਬਾਂ ਰੁਪਿਆਂ ਦੀ ਜਾਇਦਾਦ ਹੋਣ ਦੇ ਬਾਵਜੂਦ ਕੇਂਦਰ ਦੀਆਂ ਵਿਭਿੰਨ ਸਰਕਾਰੀ ਸੰਸਥਾਵਾਂ ਹਰੇਕ ਸਾਲ ਅਰਬਾਂ ਰੁਪਿਆਂ ਦੇ ਘਾਟੇ ਵਿਚ ਹਨ। ਇਸ ਕੋਸ਼ਿਸ ਵਿਚ ਰੁਕਾਵਟ ਨਾ ਆਏ ਇਸ ਲਈ ਇਮਰਾਨ ਨੇ ਚਿਤਾਵਨੀ ਦਿੱਤੀ ਸੀ ਕਿ ਗੈਰ ਵਰਤੋਂ ਵਾਲੀਆਂ ਇਨ੍ਹਾਂ ਸਰਕਾਰੀ ਜਾਇਦਾਦਾਂ ਦੀ ਪਛਾਣ ਦੇ ਕੰਮ ਵਿਚ ਰੁਕਾਵਟ ਬਣਨ ਵਾਲੇ ਅਧਿਕਾਰੀਆਂ ਨੂੰ ਮੁਆਫ ਨਹੀਂ ਕੀਤਾ ਜਾਵੇਗਾ।
ਪਾਕਿਸਤਾਨੀ ਅਖਬਾਰ 'ਡਾਨ' ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਇਨ੍ਹਾਂ ਜਾਇਦਾਦਾਂ ਨੂੰ ਦੁਬਈ ਐਕਸਪੋ ਵਿਚ ਵੇਚਿਆ ਜਾਵੇਗਾ ਅਤੇ ਇਸ ਨਾਲ ਮਿਲੀ ਰਾਸ਼ੀ ਨੂੰ ਸਿੱਖਿਆ, ਭੋਜਨ ਅਤੇ ਰਿਹਾਇਸ਼ ਨਾਲ ਸਬੰਧਤ ਲੋਕ ਕਲਿਆਣਕਾਰੀ ਯੋਜਨਾਵਾਂ 'ਤੇ ਖਰਚਿਆ ਜਾਵੇਗਾ। ਦੇਸ਼ ਦੇ ਨਿੱਜੀਕਰਨ ਸਕੱਤਰ ਰਿਜ਼ਵਾਨ ਮਲਿਕ ਨੇ ਕਿਹਾ ਕਿ ਇਨ੍ਹਾਂ ਅਣਵਰਤੀਆਂ ਸਰਕਾਰੀ ਜਾਇਦਾਦਾਂ ਦੀ ਵਰਤੋਂ ਨਿਵੇਸ਼ਕਾਂ ਨੂੰ ਆਕਰਸ਼ਿਤ ਰਕਨ ਲਈ ਕੀਤੀ ਜਾਵੇਗੀ।