ਇਮਰਾਨ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ''ਚ ਚੁੱਕਣਗੇ ਕਸ਼ਮੀਰ ਮੁੱਦਾ
Friday, Aug 23, 2019 - 05:45 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅਗਲੇ ਮਹੀਨੇ ਸੰਯੁਕਤ ਰਾਸ਼ਟਰ ਮਹਾਸਭਾ ਦੀ ਬੈਠਕ ਵਿਚ ਆਪਣੇ ਭਾਸ਼ਣ ਵਿਚ ਕਸ਼ਮੀਰ ਦਾ ਮੁੱਦਾ ਚੁੱਕਣਗੇ। ਇਕ ਅੰਗਰੇਜ਼ੀ ਅਖਬਾਰ ਦੀ ਖਬਰ ਮੁਤਾਬਕ ਇਮਰਾਨ 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਮਹਾਸਭਾ ਨੂੰ ਸੰਬੋਧਿਤ ਕਰਨਗੇ। ਅਖਬਾਰ ਨੇ ਅੰਦਰੂਨੀ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਮਰਾਨ ਨੇ ਆਪਣੀ ਪਾਰਟੀ ਨੂੰ ਨਿਊਯਾਰਕ ਵਿਚ ਇਸ ਸੰਮੇਲਨ ਦੌਰਾਨ ਭਾਰਤ ਅਤੇ ਪੀ.ਐੱਮ ਮੋਦੀ ਵਿਰੁੱਧ ਪ੍ਰਦਰਸ਼ਨ ਆਯੋਜਿਤ ਕਰਨ ਲਈ ਭਾਈਚਾਰੇ ਦੇ ਮੈਂਬਰਾਂ ਅਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਲਾਮਬੰਦ ਕਰਨ ਦਾ ਨਿਰਦੇਸ਼ ਦਿੱਤਾ ਹੈ।
ਗੌਰਤਲਬ ਹੈ ਕਿ ਭਾਰਤ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸਪੱਸ਼ਟ ਰੂਪ ਵਿਚ ਕਿਹਾ ਹੈ ਕਿ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦੇ ਦਰਜੇ ਨੂੰ ਖਤਮ ਕਰਨ ਲਈ ਧਾਰਾ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕਰਨਾ ਉਸ ਦਾ ਅੰਦਰੂਨੀ ਮਾਮਲਾ ਹੈ। ਉਸ ਨੇ ਪਾਕਿਸਤਾਨ ਨੂੰ ਵੀ ਇਸ ਸੱਚਾਈ ਨੂੰ ਸਵੀਕਾਰ ਕਰਨ ਦੀ ਸਲਾਹ ਦਿੱਤੀ ਹੈ। ਅਖਬਾਰ ਮੁਤਾਬਕ ਇਮਰਾਨ 23 ਸਤੰਬਰ ਨੂੰ 4 ਦਿਨ ਦੀ ਅਮਰੀਕਾ ਯਾਤਰਾ 'ਤੇ ਜਾਣਗੇ। ਉਹ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ ਦੇ ਮੌਕੇ 'ਤੇ ਆਪਣੇ ਮਲੇਸ਼ੀਆਈ ਹਮਰੁਤਬਾ ਅਤੇ ਹੋਰ ਗਲੋਬਲ ਨੇਤਾਵਾਂ ਨਾਲ ਬੈਠਕ ਕਰਨਗੇ। ਉਹ ਪ੍ਰਵਾਸੀ ਪਾਕਿਸਤਾਨੀ ਨਾਗਰਿਕਾਂ ਅਤੇ ਵਪਾਰਕ ਭਾਈਚਾਰੇ ਦੇ ਪ੍ਰਤੀਨਿਧੀਆਂ ਨਾਲ ਵੀ ਬੈਠਕ ਕਰਨਗੇ।