ਪੀ.ਐੱਮ. ਹਾਊਸ ਨੂੰ ਸਮਾਰੋਹਾਂ ਲਈ ਕਿਰਾਏ ''ਤੇ ਦੇ ਕੇ ਇਮਰਾਨ ਹੋਏ ਟਰੋਲ, ਤਸਵੀਰਾਂ

08/05/2019 3:58:23 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੇ ਪ੍ਰ੍ਰਧਾਨ ਮੰਤਰੀ ਇਮਰਾਨ ਖਾਨ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੇ ਹਨ। ਅਸਲ ਵਿਚ ਇਮਰਾਨ ਨੇ ਜਿਸ ਸ਼ਾਨਦਾਰ ਪੀ.ਐੱਮ. ਰਿਹਾਇਸ਼ ਨੂੰ ਵਿੱਦਿਅਕ ਸੰਸਥਾ ਬਣਾਉਣ ਦਾ ਵਾਅਦਾ ਕੀਤਾ ਸੀ, ਉੱਥੇ ਅੱਜ-ਕਲ੍ਹ ਵਿਆਹ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਇਮਰਾਨ ਚੋਣਾਂ ਦੇ ਸਮੇਂ ਕੀਤਾ ਆਪਣਾ ਵਾਅਦਾ ਪੂਰਾ ਕਰਨ ਵਿਚ ਅਸਫਲ ਹੋਏ ਨਜ਼ਰ ਆ ਰਹੇ ਹਨ। 

 

ਅਸਲ ਵਿਚ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਹਾਲ ਹੀ ਵਿਚ ਪਾਕਿਸਤਾਨ ਦੇ ਇਕ ਬ੍ਰਿਗੇਡੀਅਰ ਨੇ ਆਪਣੀ ਧੀ ਦੇ ਵਿਆਹ ਦਾ ਆਯੋਜਨ ਪੀ.ਐੱਮ. ਰਿਹਾਇਸ਼ ਵਿਚ ਕੀਤਾ। ਇਸ ਵਿਆਹ ਦੇ ਆਯੋਜਨ ਦਾ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉੱਥੇ ਇਕ ਹੋਰ ਤਸਵੀਰ ਵਿਚ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਦੇ ਇਲਾਵਾ ਪੀ.ਐੱਮ. ਇਮਰਾਨ ਖਾਨ ਵੀ ਨਜ਼ਰ ਆ ਰਹੇ ਹਨ।

 

ਇਸ ਤਸਵੀਰ ਨੂੰ ਲੈ ਕੇ ਪਾਕਿਸਤਾਨ ਦੇ ਕਈ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਮਰਾਨ ਖਾਨ ਨੇ ਚੋਣਾਂ ਜਿੱਤਣ ਦੇ ਬਾਅਦ ਕਿਹਾ ਸੀ ਕਿ ਉਹ ਪੀ.ਐੱਮ. ਰਿਹਾਇਸ਼ ਵਿਚ ਨਹੀਂ ਰਹਿਣਗੇ ਅਤੇ ਇਸ ਨੂੰ ਵਿੱਦਿਅਕ ਸੰਸਥਾ ਬਣਾਉਣਗੇ। ਉਨ੍ਹਾਂ ਨੇ ਵਿੱਦਿਅਕ ਸੰਸਥਾ ਬਣਾਉਣ ਦਾ ਵਾਅਦਾ ਕੀਤਾ ਸੀ ਨਾ ਕਿ ਵੈਡਿੰਗ ਹਾਲ ਬਣਾਉਣ ਦਾ।

 

ਇਕ ਹੋਰ ਯੂਜ਼ਰ ਨੇ ਇਮਰਾਨ ਖਾਨ ਦੀ ਤਾਰੀਫ ਕੀਤੀ ਹੈ। ਯੂਜ਼ਰ ਦਾ ਕਹਿਣਾ ਹੈ ਕਿ ਪੀ.ਐੱਮ. ਇਮਰਾਨ ਖਾਨ ਰਿਹਾਇਸ਼ ਨੂੰ ਵਿਆਹ ਲਈ ਕਿਰਾਏ 'ਤੇ ਦੇ ਕੇ ਪਾਕਿਸਤਾਨ ਨੂੰ ਆਰਥਿਕ ਸੰਕਟ ਤੋਂ ਕੱਢਣ ਦੀ ਹਰ ਸੰਭਵ ਮਦਦ ਕਰ ਰਹੇ ਹਨ। ਉਸ ਨੇ ਲਿਖਿਆ,''ਇਹ ਹੁੰਦਾ ਹੈ ਲੀਡਰ, ਇਹ ਹੁੰਦਾ ਹੈ ਵਿਜ਼ਨ।'' ਇਕ ਹੋਰ ਯੂਜ਼ਰ ਨੇ ਟਵੀਟ ਕਰਦਿਆਂ ਇਮਰਾਨ ਦੇ ਇਸ ਫੈਸਲੇ 'ਤੇ ਸਵਾਲ ਕੀਤਾ ਹੈ। ਯੂਜ਼ਰ ਨੇ ਲਿਖਿਆ ਹੈ ਕਿ ਇਹ ਕਿਹੋ ਜਿਹਾ ਨਵਾਂ ਪਾਕਿਸਤਾਨ ਹੈ, ਸ਼ਰਮਿੰਦਗੀ ਹੋਣ ਲੱਗੀ ਹੈ। ਜਿੱਥੇ ਪਾਕਿਸਤਾਨ ਪੀ.ਐੱਮ. ਰਿਹਾਇਸ਼ ਨੇ ਰਿਸਰਚ ਯੂਨੀਵਰਸਿਟੀ ਵਿਚ ਬਦਲਣਾ ਸੀ ਉੱਥੇ ਆਰਮੀ ਵਾਲਿਆਂ ਲਈ ਉਸ ਨੂੰ ਵੈਡਿੰਗ ਹਾਲ ਵਿਚ ਬਦਲਿਆ ਜਾ ਰਿਹਾ ਹੈ।


Vandana

Content Editor

Related News