ਨਵਾਜ਼ ਸ਼ਰੀਫ ਨੂੰ ਲੈ ਕੇ ਇਮਰਾਨ ਖਾਨ ਨੇ ਦਿੱਤਾ ਇਹ ਬਿਆਨ

07/02/2019 11:04:28 AM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਦੇਸ਼ ਦੇ ਸਾਬਕਾ ਪੀ.ਐੱਮ ਨਵਾਜ਼ ਸ਼ਰੀਫ ਨੂੰ ਲੈ ਕੇ ਇਕ ਬਿਆਨ ਦਿੱਤਾ ਹੈ। ਇਮਰਾਨ ਮੁਤਾਬਕ ਜੇਲ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਦੋ ਦੋਸਤ ਰਾਸ਼ਟਰਾਂ ਦੀ ਮਦਦ ਨਾਲ ਆਪਣੀ ਰਿਹਾਈ ਯਕੀਨੀ ਕਰਨ ਦੀ ਕੋਸ਼ਿਸ਼ ਕੀਤੀ। ਸੋਮਵਾਰ ਨੂੰ ਮੀਡੀਆ ਕਰਮੀਆਂ ਨੂੰ ਸੰਬੋਧਿਤ ਕਰਦਿਆਂ ਇਮਰਾਨ ਨੇ ਦੋਹਾਂ ਦੇਸ਼ਾਂ ਦੇ ਨਾਮ ਦਾ ਖੁਲਾਸਾ ਨਹੀਂ ਕੀਤਾ ਪਰ ਕਿਹਾ ਕਿ ਉਨ੍ਹਾਂ ਨੇ ਮੈਨੂੰ ਸਿਰਫ ਸੰਦੇਸ਼ ਦਿੱਤਾ ਪਰ ਸ਼ਰੀਫ ਦੀ ਰਿਹਾਈ ਲਈ ਦਬਾਅ ਨਹੀਂ ਬਣਾਇਆ। 

ਇਮਰਾਨ ਨੇ ਕਿਹਾ,''ਦੋਹਾਂ ਦੇਸ਼ਾਂ ਨੇ ਮੈਨੂੰ ਕਿਹਾ ਕਿ ਅਸੀਂ ਦਖਲ ਅੰਦਾਜ਼ੀ ਨਹੀਂ ਕਰਾਂਗੇ।'' ਇਸ ਦੌਰਾਨ ਉਨ੍ਹਾਂ ਨਾਲ ਵਿੱਤ ਸਲਾਹਕਾਰ ਹਾਫੀਜ਼ ਸ਼ੇਖ ਅਤੇ ਫੈਡਰਲ ਬੋਰਡ ਆਫ ਰੈਵੀਨਿਊ ਦੇ ਪ੍ਰਧਾਨ ਸ਼ੱਬਾਰ ਜ਼ੈਦੀ ਮੌਜੂਦ ਸਨ। ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ਦੇ ਬਾਅਦ 69 ਸਾਲਾ ਨਵਾਜ਼ ਸ਼ਰੀਫ 24 ਦਸੰਬਰ 2018 ਤੋਂ ਲਾਹੌਰ ਦੀ ਕੋਟ ਲਖਪਤ ਜੇਲ ਵਿਚ ਬੰਦ ਹਨ। ਸ਼ਰੀਫ ਨੇ ਮੈਡੀਕਲ ਆਧਾਰ 'ਤੇ ਜ਼ਮਾਨਤ ਅਤੇ ਇਲਾਜ ਲਈ ਵਿਦੇਸ਼ ਜਾਣ ਦੀ ਇਜਾਜ਼ਤ ਮੰਗੀ ਸੀ।

ਇਮਰਾਨ ਨੇ ਕਿਹਾ ਕਿ ਭ੍ਰਿਸ਼ਟਾਚਾਰ ਲਈ ਦੋਸ਼ੀ ਠਹਿਰਾਏ ਗਏ ਲੋਕਾਂ ਨੂੰ ਉਦੋਂ ਤੱਕ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ ਜਦੋਂ ਤੱਕ ਉਹ ਚੋਰੀ ਕੀਤਾ ਧਨ ਵਾਪਸ ਨਹੀਂ ਕਰ ਦਿੰਦੇ। ਇਮਰਾਨ ਨੇ ਕਿਹਾ,''ਦਲੀਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ ਅਤੇ ਇਸ ਸਿਲਸਿਲੇ ਵਿਚ ਕੋਈ ਦੂਜਾ ਦੇਸ਼ ਕੁਝ ਨਹੀਂ ਕਰ ਸਕਦਾ। ਸ਼ਰੀਫ ਅਤੇ ਜ਼ਰਦਾਰੀ ਨੂੰ ਧਨ ਦਾ ਭੁਗਤਾਨ ਕਰਨਾ ਹੀ ਪਵੇਗਾ।''


Vandana

Content Editor

Related News