ਇਮਰਾਨ ਖਾਨ ਨੇ ਗਵਾਦਰ ਹੋਟਲ ਹਮਲੇ ਦੀ ਕੀਤੀ ਨਿੰਦਾ
Sunday, May 12, 2019 - 03:02 PM (IST)

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਸ਼ਾਂਤ ਬਲੋਚਿਸਤਾਨ ਸੂਬੇ ਦੇ ਬੰਦਰਗਾਹ ਸ਼ਹਿਰ ਗਵਾਦਰ ਦੇ ਇਕ ਲਗਜ਼ਰੀ ਹੋਟਲ ਵਿਚ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਅੱਤਵਾਦੀ ਹਮਲਾ ਦੇਸ਼ ਦੇ ਆਰਥਿਕ ਪ੍ਰਾਜੈਕਟਾਂ ਅਤੇ ਖੁਸ਼ਹਾਲੀ ਨੂੰ ਅਸਫਲ ਕਰਨ ਦੀ ਕੋਸ਼ਿਸ਼ ਸੀ। ਖਤਰਨਾਕ ਹਥਿਆਰਾਂ ਨਾਲ ਲੈਸ ਤਿੰਨ ਅੱਤਵਾਦੀਆਂ ਨੇ ਗਵਾਦਰ ਦੇ ਪਰਲ ਕੋਂਟੀਨੈਂਟਲ ਹੋਟਲ ਵਿਚ ਸ਼ਨੀਵਾਰ ਨੂੰ ਦਾਖਲ ਹੋ ਕੇ ਉੱਥੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਇਸ ਗੋਲੀਬਾਰੀ ਵਿਚ ਇਕ ਗਾਰਡ ਦੀ ਮੌਤ ਹੋ ਗਈ ਜਦਕਿ ਤਿੰਨ ਹਮਲਾਵਰਾਂ ਨੂੰ ਸੁਰੱਖਿਆ ਬਲਾਂ ਨੇ ਢੇਰ ਕੀਤਾ।
ਇਮਰਾਨ ਦੇ ਦਫਤਰ ਨੇ ਉਨ੍ਹਾਂ ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ,''ਅਜਿਹੀਆਂ ਕੋਸ਼ਿਸ਼ਾਂ ਖਾਸ ਕਰ ਕੇ ਬਲੋਚਿਸਤਾਨ ਵਿਚ ਸਾਡੇ ਆਰਥਿਕ ਪ੍ਰਾਜੈਕਟਾਂ ਅਤੇ ਖੁਸ਼ਹਾਲੀ ਨੂੰ ਨਸ਼ਟ ਕਰਨ ਦੀ ਸਾਜਿਸ਼ ਹੈ। ਸਰਕਾਰ ਅਜਿਹੇ ਏਜੰਡੇ ਨੂੰ ਸਫਲ ਨਹੀਂ ਹੋਣ ਦੇਵੇਗੀ।'' ਹਮਲੇ ਦੀ ਨਿੰਦਾ ਕਰਦਿਆਂ ਇਮਰਾਨ ਨੇ ਸੁਰੱਖਿਆ ਗਾਰਡ ਅਤੇ ਸੁਰੱਖਿਆ ਬਲਾਂ ਵੱਲੋਂ ਹਮਲੇ ਨੂੰ ਅਸਫਲ ਕਰਨ ਦੀ ਕੀਤੀ ਗਈ ਸ਼ੁਰੂਆਤੀ ਪ੍ਰਤੀਕਿਰਿਆ ਦੀ ਤਰੀਫ ਕੀਤੀ।
ਪਾਬੰਦੀਸ਼ੁਦਾ ਸੰਗਠਨ ਬਲੋਚਿਸਤਾਨ ਲਿਬਰੇਸ਼ਨ ਆਰਮੀ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਪਾਕਿਸਤਾਨ ਵਿਚ ਸਥਿਤ ਚੀਨੀ ਦੂਤਘਰ ਨੇ ਵੀ ਹੋਟਲ 'ਤੇ ਹੋਏ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਹਮਲੇ ਵਿਚ ਮਾਰੇ ਗਏ ਇਕ ਸੁਰੱਖਿਆ ਗਾਰਡ ਅਤੇ ਜ਼ਖਮੀ ਹੋਏ ਦੋ ਸੁਰੱਖਿਆ ਕਰਮੀਆਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ ਹੈ।