ਪਾਕਿ ’ਚ ਇਕ ਹੋਰ ਹਿੰਦੂ ਲੜਕੀ ਨੂੰ ਅਗਵਾ ਕਰ ਕੇ ਕੀਤਾ ਧਰਮ ਪਰਿਵਰਤਣ
Wednesday, Apr 07, 2021 - 09:39 AM (IST)
ਗੁਰਦਾਸਪੁਰ/ਕਰਾਚੀ (ਜ. ਬ.)- ਪਾਕਿਸਤਾਨ ’ਚ ਗੈਰ-ਮੁਸਲਿਮ ਲੜਕੀਆਂ ਨੂੰ ਅਗਵਾ ਕਰ ਕੇ ਉਨ੍ਹਾਂ ਦਾ ਧਰਮ ਪਰਿਵਰਤਣ ਕਰਨ ਵਾਲਿਆਂ ਨਾਲ ਨਿਕਾਹ ਕਰਨ ਦੀਆਂ ਘਟਨਾਵਾਂ ’ਚ ਦਿਨ ਪ੍ਰਤੀਦਿਨ ਵੱਧ ਰਹੀਆ ਹਨ, ਇਸ ਤਹਿਤ ਅੱਜ ਇਕ ਹੋਰ ਜ਼ਿਲਾ ਕਰਾਚੀ ਦੇ ਕਸਬਾ ਬਾਦਿਨ ਤੋਂ ਹਿੰਦੂ ਲੜਕੀ (ਕਾਂਤਾ) ਨੂੰ ਅਗਵਾ ਕਰ ਲਿਆ ਗਿਆ।
ਅਗਵਾ ਕਰਨ ਵਾਲੇ ਲੜਕੀ ਨੂੰ ਜਾਮਿਆ ਬਿਨੌਰੀਆਂ ਮਸਜਿਦ ਕਰਾਚੀ ’ਚ ਲੈ ਗਏ ਅਤੇ ਉਥੇ ਉਸ ਦਾ ਜ਼ਬਰੀ ਧਰਮ ਪਰਿਵਰਤਣ ਕਰ ਕੇ ਉਸ ਦਾ ਨਾਮ ਖਤੀਜਾ ਰੱਖ ਦਿੱਤਾ। ਉਸ ਦਾ ਨਿਕਾਹ ਅਜੇ ਹੋਇਆ ਹੈ ਜਾਂ ਨਹੀਂ, ਇਸ ਦੀ ਸੂਚਨਾ ਨਹੀਂ ਮਿਲੀ ਹੈ ਪਰ ਕਾਂਤਾ ਨੇ ਇਕ ਲਿਖਤੀ ਬਿਆਨ ਦਿੱਤਾ ਹੈ ਕਿ ਉਸ ਦਾ ਅਗਵਾ ਜ਼ਰੂਰ ਹੋਇਆ ਹੈ, ਜੋ ਮਸਜਿਦ ਦੇ ਲਾਊਂਡ ਸਪੀਕਰ ਤੋਂ ਪੜ੍ਹ ਕੇ ਸੁਣਾਇਆ ਗਿਆ ਹੈ, ਜਿਸ ਵਿਚ ਕਾਂਤਾ ਕਹਿ ਰਹੀ ਹੈ ਕਿ ਉਹ ਹੁਣ ਆਪਣੇ ਮਾਂ-ਬਾਪ ਦੇ ਕੋਲ ਨਹੀਂ ਜਾਣਾ ਚਾਹੁੰਦੀ, ਕਿਉਂਕਿ ਜਦ ਅਜਿਹਾ ਕਰਦੀ ਹੈ ਤਾਂ ਉਸ ਦੇ ਮਾਂ-ਬਾਪ ਦੀ ਹੱਤਿਆ ਹੋ ਸਕਦੀ ਹੈ, ਇਸ ਲਈ ਮੈਂ ਅਜੇ ਮਸਜਿਦ ’ਚ ਹੀ ਰਹਾਂਗੀ।
ਲੜਕੀ ਦੇ ਪਿਤਾ ਹਰੀ ਰਾਮ ਨੇ ਦੋਸ਼ ਲਾਇਆ ਕਿ ਜਦੋਂ ਉਸਦੀ ਲੜਕੀ ਬਾਜ਼ਾਰ ਤੋਂ ਘਰ ਆ ਰਹੀ ਸੀ ਤਾਂ ਕਾਰ ਸਵਾਰਾਂ ਨੇ ਉਸਨੂੰ ਅਗਵਾ ਕਰ ਲਿਆ ਸੀ। ਕਾਂਤਾ ਦਾ ਜੋ ਬਿਆਨ ਮਸਜਿਦ ਤੋਂ ਸੁਣਾਇਆ ਜਾ ਰਿਹਾ ਹੈ, ਉਹ ਉਸ ’ਤੇ ਵਿਸ਼ਵਾਸ ਨਹੀਂ ਕਰ ਸਕਦੇ ਅਤੇ ਪੁਲਸ ਨੂੰ ਚਾਹੀਦਾ ਹੈ ਕਿ ਉਹ ਮਸਜਿਦ ਤੋਂ ਲੜਕੀ ਨੂੰ ਬਰਾਮਦ ਕਰ ਕੇ ਉਨ੍ਹਾਂ ਦੇ ਹਵਾਲੇ ਕਰੇ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।