ਪਾਕਿਸਤਾਨ ਸਰਕਾਰ ਨੇ ਹਜ ਯਾਤਰਾ ਦੀ ਸਬਸਿਡੀ ਕੀਤੀ ਖਤਮ

02/01/2019 3:46:55 PM

ਇਸਲਾਮਾਬਾਦ (ਵਾਰਤਾ)— ਪਾਕਿਸਤਾਨ ਸਰਕਾਰ ਨੇ ਹਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ ਦਿੱਤੀ ਜਾਣ ਵਾਲੀ ਮਦਦ (ਸਬਸਿਡੀ) ਖਤਮ ਕਰਨ ਦਾ ਫੈਸਲਾ ਲਿਆ ਹੈ। ਦੇਸ਼ ਦੀ ਸਾਬਕਾ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.) ਸਰਕਾਰ ਦੇ ਸਮੇਂ ਹਜ ਯਾਤਰਾ 'ਤੇ ਜਾਣ ਵਾਲੇ ਯਾਤਰੀਆਂ ਨੂੰ 45 ਹਜ਼ਾਰ ਰੁਪਏ ਦੀ ਮਦਦ ਦਿੱਤੀ ਜਾਂਦੀ ਸੀ। ਇਮਰਾਨ ਖਾਨ ਸਰਕਾਰ ਨੇ ਵੀਰਵਾਰ ਨੂੰ ਕੈਬਨਿਟ ਦੀ ਬੈਠਕ ਵਿਚ ਹਜ ਨੀਤੀ 2019 ਨੂੰ ਮਨਜ਼ੂਰੀ ਦਿੰਦਿਆਂ ਹਜ ਸਬਸਿਡੀ ਖਤਮ ਕਰਨ ਦਾ ਫੈਸਲਾ ਲਿਆ। 

ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਹਜ ਯਾਤਰਾ 'ਤੇ ਜਾਣ ਵਾਲੇ ਹਰੇਕ ਯਾਤਰੀ ਨੂੰ 45 ਹਜ਼ਾਰ ਰੁਪਏ ਦੀ ਸਬਸਿਡੀ ਦੇਣ ਦਾ ਪ੍ਰਸਤਾਵ ਪੇਸ਼ ਕੀਤਾ ਸੀ ਪਰ ਸਰਕਾਰ ਨੇ ਹਜ ਨੀਤੀ 2019 ਨੂੰ ਮਨਜ਼ੂਰੀ ਦਿੰਦਿਆਂ ਸਬਸਿਡੀ ਖਤਮ ਕਰਨ ਦਾ ਫੈਸਲਾ ਲਿਆ। ਉੱਤਰੀ ਜ਼ੋਨ ਲਈ ਹਜ ਯਾਤਰਾ ਦਾ ਖਰਚ ਪ੍ਰਤੀ ਯਾਤਰੀ 436975 ਰੁਪਏ ਅਤੇ ਦੱਖਣੀ ਜ਼ੋਨ ਲਈ 427975 ਰੁਪਏ ਆਵੇਗਾ। ਬੀਤੇ ਸਾਲ ਦੀ ਤੁਲਨਾ ਵਿਚ ਹਜ ਯਾਤਰਾ 'ਤੇ ਜਾਣ ਵਾਲਿਆਂ ਦਾ ਖਰਚ 60 ਫੀਸਦੀ ਤੋਂ ਵੱਧ ਹੋਵੇਗਾ। ਸਾਲ 2018 ਵਿਚ ਉੱਤਰੀ ਇਲਾਕਿਆਂ ਦੇ ਹਜ ਯਾਤਰੀ ਦਾ ਖਰਚ 2 ਲੱਖ 80 ਹਜ਼ਾਰ ਰੁਪਏ ਅਤੇ ਦੱਖਣ ਤੋਂ ਜਾਣ ਵਾਲੇ ਯਾਤਰੀ ਦਾ 2 ਲੱਖ 70 ਹਜ਼ਾਰ ਰੁਪਏ ਸੀ। ਇਸ ਵਿਚ ਕ੍ਰਮਵਾਰ 64 ਅਤੇ 63 ਫੀਸਦੀ ਦਾ ਵਾਧਾ ਹੋਵੇਗਾ। 

ਧਾਰਮਿਕ ਮਾਮਲਿਆਂ ਦੇ ਸਕੱਤਰ ਮੁਸ਼ਤਾਕ ਅਹਿਮਦ ਨੇ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਸਰਕਾਰ ਦਾ ਹਜ ਯੋਜਨਾ ਆਵਾਜਾਈ ਖਰਚ ਹੋਰ ਕਾਰਨਾਂ ਕਾਰਨ 1 ਲੱਖ 56 ਹਜ਼ਾਰ 975 ਰੁਪਏ ਵੱਧ ਗਿਆ ਹੈ। ਹਾਜ਼ੀ ਨੂੰ 19451 ਰੁਪਏ ਕੁਰਬਾਨੀ ਲਈ ਵਾਧੂ ਦੇਣੇ ਹੋਣਗੇ। ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਪਾਕਿਸਤਾਨ ਤੋਂ 184210 ਲੋਕ ਹਜ ਯਾਤਰਾ 'ਤੇ ਜਾਣਗੇ ਇਸ ਵਿਚ ਸਾਊਦੀ ਅਰਬ ਸਰਕਾਰ ਵੱਲੋਂ ਮਨਜ਼ੂਰ 5000 ਦਾ ਵਾਧੂ ਕੋਟਾ ਵੀ ਸ਼ਾਮਲ ਹੈ। ਹਜ ਯਾਤਰਾ 'ਤੇ ਜਾਣ ਦੇ ਚਾਹਵਾਨ ਲੋਕਾਂ ਦੀਆਂ ਐਪਲੀਕੇਸ਼ਨਾਂ 20 ਫਰਵਰੀ ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਕੁੱਲ ਕੋਟੇ ਵਿਚੋਂ 60 ਫੀਸਦੀ ਸਰਕਾਰ ਅਤੇ ਬਾਕੀ ਨਿੱਜੀ ਆਪਰੇਟਰ ਦੇਣਗੇ।


Vandana

Content Editor

Related News