ਮਰਜ਼ੀ ਨਾਲ ਵਿਆਹ ਕਰਨ ''ਤੇ ਪਿਤਾ ਨੇ ਧੀ ਸਣੇ ਮਾਰਿਆ ਪ੍ਰੇਮੀ

11/21/2019 8:34:43 PM

ਗੁਰਦਾਸਪੁਰ/ਲਾਹੌਰ (ਵਿਨੋਦ)- ਇਕ ਲੜਕੀ ਵੱਲੋਂ ਆਪਣੀ ਉਮਰ ਤੋਂ ਦੁਗਣੇ ਤੇ 3 ਬੱਚਿਆਂ ਦੇ ਪਿਤਾ ਨਾਲ ਨਿਕਾਹ ਕਰਨ ’ਤੇ ਉਸ ਦੇ ਪਿਤਾ ਨੇ ਲੜਕੀ ਤੇ ਪ੍ਰੇਮੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਦੋਹਰੇ ਹੱਤਿਆ ਕਾਂਡ ਨੂੰ ਕਰਨ ਵਾਲੇ ਪਿਤਾ ਨੇ ਇਨ੍ਹਾਂ ਹੱਤਿਆਵਾਂ ਤੋਂ ਬਾਅਦ ਖੁਦ ਹੀ ਪੁਲਸ ਨੂੰ ਫੋਨ ਕਰ ਕੇ ਆਪਣੇ ਆਪ ਨੂੰ ਪੁਲਸ ਸਾਹਮਣੇ ਪੇਸ਼ ਹੋਣ ਦੀ ਇੱਛਾ ਪ੍ਰਗਟ ਕਰ ਦਿੱਤੀ। ਪੁਲਸ ਨੂੰ ਦੋਸ਼ੀ ਨੇ ਸਪੱਸ਼ਟ ਕਿਹਾ ਕਿ ਕਾਰੋ-ਕਾਰੀ ਇਸਲਾਮੀ ਨਿਯਮ ਅਧੀਨ ਉਸ ਨੂੰ ਇਹ ਕਤਲ ਕਰਨ ਦਾ ਅਧਿਕਾਰ ਪ੍ਰਾਪਤ ਹੈ।

ਸਰਹੱਦ ਪਾਰ ਸੂਤਰਾਂ ਅਨੁਸਾਰ ਕਤਲ ਕਰਨ ਵਾਲੇ ਰਸ਼ੀਦ ਅਹਿਮਦ ਵਾਸੀ ਢੋਕੇ ਫਰਮਾਨ ਨੇ ਪੁਲਸ ਨੂੰ ਦਿੱਤੇ ਬਿਆਨ ਵਿਚ ਦੱਸਿਆ ਕਿ ਉਸ ਦੀ 21 ਸਾਲਾ ਲੜਕੀ ਸ਼ਬਾਨਾ ਰਸ਼ੀਦ ਦੇ ਇਕ 40 ਸਾਲਾ ਵਿਅਕਤੀ ਅਬਦੁਲ ਖੁਰਸ਼ੀਦ ਨਾਲ ਪ੍ਰੇਮ ਸਬੰਧ ਬਣ ਗਏ ਸੀ। ਅਬਦੁਲ ਪਹਿਲਾਂ ਹੀ ਵਿਆਹੁਤਾ ਸੀ ਤੇ 3 ਬੱਚਿਆਂ ਦਾ ਪਿਤਾ ਸੀ। ਇਨ੍ਹਾਂ ਦੋਵਾਂ ਨੇ ਘਰੋਂ ਭੱਜ ਕੇ ਵੱਖ ਤੋਂ ਰਹਿਣਾ ਸ਼ੁਰੂ ਕਰ ਦਿੱਤਾ ਸੀ, ਜਿਸ ਕਾਰਨ ਸਮਾਜ ਵਿਚ ਮੇਰਾ ਅਕਸ ਖਰਾਬ ਹੋ ਰਿਹਾ ਸੀ। ਸ਼ਬਾਨਾ ਨੇ ਮੈਨੂੰ ਦੱਸਿਆ ਸੀ ਕਿ ਉਨ੍ਹਾਂ ਨੇ ਨਿਕਾਹ ਕਰ ਲਿਆ ਹੈ ਤੇ ਮੈਨੂੰ ਕਈ ਵਾਰ ਇਸ ਨਿਕਾਹ ਨੂੰ ਸਵੀਕਾਰ ਕਰਨ ਦੀ ਗੱਲ ਵੀ ਕਹੀ।

ਰਸ਼ੀਦ ਅਹਿਮਦ ਨੇ ਪੁਲਸ ਨੂੰ ਦੱਸਿਆ ਕਿ ਲੋਕਾਂ ਦੇ ਤਾਨਿਆਂ ਕਾਰਨ ਉਹ ਪਰੇਸ਼ਾਨ ਰਹਿਣ ਲੱਗਾ ਤੇ ਬੁੱਧਵਾਰ ਨੂੰ ਉਸ ਦੀ ਲੜਕੀ ਦਾ ਫਿਰ ਫੋਨ ਆਇਆ ਤਾਂ ਮੈਂ ਉਸ ਨੂੰ ਕਿਹਾ ਕਿ ਮੈਨੂੰ ਤੁਹਾਡੇ ਵੱਲੋਂ ਕੀਤੇ ਨਿਕਾਹ ’ਤੇ ਕੋਈ ਇਤਰਾਜ਼ ਨਹੀਂ ਹੈ। ਇਸ ਲਈ ਤੁਸੀ ਬੇਸ਼ੱਕ ਕੱਲ ਹੀ ਘਰ ਆ ਜਾਵੋ। ਅੱਜ ਦੁਪਹਿਰ ਜਿਵੇਂ ਹੀ ਸ਼ਬਾਨਾ ਤੇ ਅਬਦੁਲ ਖੁਰਸ਼ੀਦ ਘਰ ਆਏ ਤਾਂ ਪਹਿਲਾਂ ਮੈਂ ਸ਼ਬਾਨਾ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਤੇ ਜਦ ਗੋਲੀ ਦੀ ਆਵਾਜ਼ ਸੁਣ ਕੇ ਉਸ ਦਾ ਪ੍ਰੇਮੀ ਅਬਦੁਲ ਭੱਜਣ ਲੱਗਾ ਤਾਂ ਉਸ ’ਤੇ ਦੋ ਫਾਇਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਜਦ ਮੈਂ ਵੇਖਿਆ ਕਿ ਖੁਰਸ਼ੀਦ ਜ਼ਿੰਦਾ ਹੈ ਤਾਂ ਉਸ ਦੇ ਸਿਰ ’ਤੇ ਫਿਰ ਇਕ ਫਾਇਰ ਕੀਤਾ, ਜਿਸ ਨਾਲ ਉਹ ਵੀ ਦਮ ਤੋੜ ਗਿਆ।

ਇਸ ਸਬੰਧੀ ਪੁਲਸ ਅਨੁਸਾਰ ਰਸ਼ੀਦ ਅਹਿਮਦ ਨੇ ਆਪਣੀ ਲੜਕੀ ਤੇ ਉਸ ਦੇ ਪ੍ਰੇਮੀ ਦੀ ਹੱਤਿਆ ਕਰਨ ਤੋਂ ਬਾਅਦ ਖੁਦ ਹੀ ਪੁਲਸ ਨੂੰ ਫੋਨ ’ਤੇ ਸੂਚਿਤ ਕੀਤਾ। ਦੋਸ਼ੀ ਦਾ ਕਹਿਣਾ ਹੈ ਕਿ ਪਾਕਿਸਤਾਨ ਵਿਚ ਕਾਰੋ-ਕਾਰੀ ਇਸਲਾਮੀ ਨਿਯਮ ਅਧੀਨ ਉਸ ਨੂੰ ਆਪਣੀ ਲੜਕੀ ਤੇ ਪ੍ਰੇਮੀ ਦੀ ਹੱਤਿਆ ਕਰਨ ਦਾ ਅਧਿਕਾਰ ਹੈ ਤੇ ਉਸ ਦੇ ਵਿਰੁੱਧ ਕੋਈ ਜ਼ੁਰਮ ਨਹੀਂ ਬਣਦਾ।


Baljit Singh

Content Editor

Related News