ਪਾਕਿਸਤਾਨ : ਡਾਕੂਆਂ ਅਤੇ ਪੁਲਸ ਦਰਮਿਆਨ ਮੁਠਭੇੜ, 12 ਪੁਲਸ ਮੁਲਾਜ਼ਮ ਦੀ ਮੌਤ, 7 ਜ਼ਖਮੀ
Saturday, Aug 24, 2024 - 12:55 PM (IST)
ਇੰਟਰਨੈਸ਼ਨਲ ਡੈਸਕ- ਮੀਡੀਆ ਮੁਤਾਬਕ, ਪਾਕਿਸਤਾਨ ਦੇ ਪੰਜਾਬ ਸੂਬੇ ਦੇ ਸਿੰਧ ਸਰਹੱਦ ਨਾਲ ਲੱਗਦੇ ਰਹੀਮ ਖਾਨ ਦੇ ਕੱਚਾ ਇਲਾਕੇ ’ਚ ਅੱਜ ਸਵੇਰੇ ਡਾਕੂਆਂ ਨੇ ਪੁਲਸ ਦੇ ਦੋ ਵਾਹਨਾਂ ’ਤੇ ਬਾਰੂਦੀ ਹਮਲੇ ਕੀਤੇ। ਇਸ ਹਮਲੇ ’ਚ 22 ’ਚੋਂ 12 ਪੁਲਸ ਮੁਲਾਜ਼ਮਾਂ ਦੀ ਮੌਤ ਹੋਈ ਅਤੇ 7 ਜ਼ਖਮੀ ਹੋ ਗਏ। ਜਦਕਿ ਪਾਕਿਸਤਾਨ ਪੁਲਸ ਨੇ ਸਿਰਫ ਇਕ ਡਾਕੂ ਨੂੰ ਹੀ ਮਾਰਿਆ। ਇਸ ਦੌਰਾਨ ਪੁਲਸ ਨੇ 5 ਡਾਕੂਆਂ ਨੂੰ ਜ਼ਖਮੀ ਵੀ ਕੀਤਾ। ਇਨ੍ਹਾਂ ਡਾਕੂਆਂ ਦਾ ਸਬੰਧ ਪਿਛਲੇ ਕਈ ਦਹਾਕਿਆਂ ਤੋਂ ਕੱਚਾ ਖੇਤਰ ’ਚ ਸਰਗਰਮ ਅਪਰਾਧਿਕ ਸਰਗਰਮੀਆਂ ਨਾਲ ਰਿਹਾ ਹੈ। ਉਹ ਆਮ ਤੌਰ ’ਤੇ ਜਾਇਦਾਦੀ ਲੋਕਾਂ ਨੂੰ ਅਗਵਾ ਕਰ ਕੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਕੋਲੋਂ ਭਾਰੀ ਰਕਮ ਵਸੂਲਦੇ ਹਨ।
ਲਾਹੌਰ ਪੁਲਸ ਹੈਡਕੁਆਰਟਰ ਨੇ ਇਸ ਘਟਨਾ 'ਤੇ ਇਕ ਟਵੀਟ ਕੀਤਾ, ਜਿਸ ਦੇ ਹੇਠਾਂ ਪਾਕਿਸਤਾਨੀ ਜਨਤਾ ਨੇ ਪੁਲਸ ਦੀ ਸਖਤ ਆਲੋਚਨਾ ਕੀਤੀ। ਲੋਕਾਂ ਦਾ ਕਹਿਣਾ ਹੈ ਕਿ ਜੇ ਪੁਲਸ ਅਨੁਸਾਰ 5 ਡਾਕੂ ਜ਼ਖਮੀ ਹੋਏ ਹਨ, ਤਾਂ ਉਨ੍ਹਾਂ ਨੂੰ ਕਿਉਂ ਨਹੀਂ ਫੜਿਆ ਗਿਆ? ਇਕ ਆਲੋਚਕ ਨੇ ਤਾਂ ਇਹ ਵੀ ਕਿਹਾ ਕਿ ਜੇ ਪੁਲਸ ਨੇ ਉਨ੍ਹਾਂ ਸੈਂਕੜੇ ਸਿਆਸਤਦਾਨਾਂ ਦੀ ਸੁਰੱਖਿਆ ’ਚ ਲੱਗੇ ਸੁਰੱਖਿਆ ਮੁਲਾਜ਼ਮਾਂ ਦੀ ਅੱਧੀ ਗਿਣਤੀ ਖਿਆ ਵੀ ਰਹੀਮ ਯਾਰ ਖਾਨ ’ਚ ਤਾਇਨਾਤ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਇਹ ਭਿਆਨਕ ਹਾਦਸਾ ਨਾ ਵਾਪਰਦਾ। ਇਕ ਹੋਰ ਆਲੋਚਕ ਨੇ ਕਿਹਾ ਕਿ ਡਾਕੂਆਂ ਨੇ ਪੁਲਸ ’ਥੇ ਰਾਕੇਟ ਲਾਂਚਰ ਦੀ ਵਰਤੋਂ ਵੀ ਕੀਤੀ। ਹੁਣ ਸਵਾਲ ਇਹ ਹੈ ਕਿ ਪੁਲਸ ਜੋ ਡਾਕੂਆਂ ਵਿਰੁੱਧ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ, ਡਾਕੂਆਂ ਦੇ ਹਥਿਆਰ ਸਪਲਾਈਕਰਤਾਵਾਂ ਵਿਰੁੱਧ ਕਾਰਵਾਈ ਕਿਉਂ ਨਹੀਂ ਕਰ ਸਕੀ? ਇਸ ਘਟਨਾ ਕਾਰਨ ਪਾਕਿਸਤਾਨ ’ਚ ਅੰਦਰੂਨੀ ਹਾਲਾਤ ਬੜੇ ਹੀ ਖਰਾਬ ਹੋ ਚੁੱਕੇ ਹਨ ਅਤੇ ਪਾਕਿਸਤਾਨ ਸਰਕਾਰ ਬੇਬਸ ਨਜ਼ਰ ਆ ਰਹੀ ਹੈ।