ਪਾਕਿਸਤਾਨ ’ਚ ਕੋਵਿਡ-19 ਦੇ ਰੋਜ਼ਾਨਾ ਦੇ ਮਾਮਲਿਆਂ ’ਚ ਆਈ ਗਿਰਾਵਟ
Tuesday, May 04, 2021 - 04:42 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ’ਚ ਮੰਗਲਵਾਰ ਨੂੰ ਕੋਵਿਡ-19 ਦੇ 3377 ਨਵੇਂ ਮਾਮਲੇ ਆਏ। ਰੋਜ਼ਾਨਾ ਮਾਮਲਿਆਂ ਦੀ ਇਹ ਸੰਖਿਆ ਪਿਛਲੇ ਲਗਭਗ 1 ਮਹੀਨੇ ਵਿਚ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 5 ਅਪ੍ਰੈਲ ਨੂੰ 4000 ਤੋਂ ਘੱਟ ਮਾਮਲੇ ਆਏ ਸਨ। ਉਸ ਦਿਨ ਦੇਸ਼ ਵਿਚ 3953 ਮਰੀਜ਼ਾਂ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਮੁਤਾਬਕ ਮੰਗਲਵਾਰ ਨੂੰ ਸਾਹਮਣੇ ਆਏ ਨਵੇਂ ਮਾਮਲਿਆਂ ਨਾਲ ਦੇਸ਼ ਵਿਚ ਪੀੜਤਾਂ ਦੀ ਸੰਖਿਆ ਵੱਧ ਕੇ 837,523 ਹੋ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ 161 ਲੋਕਾਂ ਦੀ ਕੋਰੋਨਾ ਨਾਲ ਮੌਤ ਹੋਈ ਹੈ। ਪਾਕਿਸਤਾਨ ਟੀਕਾਕਰਨ ਵਿਚ ਤੇਜ਼ੀ ਲਿਆ ਕੇ ਅਤੇ ਸੁਰੱਖਿਆ ਸਬੰਧੀ ਪਾਬੰਦੀ ਲਾਗੂ ਕਰਕੇ ਕੋਰੋਨਾ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫੈਜ਼ਲ ਸੁਲਤਾਨ ਨੇ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਕਰੀਬ 70 ਫ਼ੀਸਦੀ ਆਬਾਦੀ ਦਾ ਟੀਕਾਕਰਨ ਹੋ ਜਾਏਗਾ।
ਪਾਕਿਸਤਾਨ ਨੂੰ ‘ਕੋਵੈਕਸ’ ਪਹਿਲ ਜ਼ਰੀਏ ਇਸ ਹਫ਼ਤੇ ਆਕਸਫੋਰਡ-ਐਸਟ੍ਰਾਜੇਨੇਕਾ ਟੀਕੇ ਦੀਆਂ 12 ਲੱਖ ਖ਼ੁਰਾਕਾਂ ਮਿਲਣ ਦੀ ਸੰਭਾਵਨਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਦੱਖਣੀ ਕੋਰੀਆ ਤੋਂ ਟੀਕੇ ਦੀ ਖੇਪ ਆਉਣ ਵਾਲੀ ਹੈ। ਪਾਕਿਸਤਾਨ ਵਿਚ ਇਸ ਪਹਿਲ ਜ਼ਰੀਏ 22 ਕਰੋੜ ਦੀ ਆਬਾਦੀ ਵਿਚੋਂ 20 ਫ਼ੀਸਦੀ ਲੋਕਾਂ ਦਾ ਮੁਫ਼ਤ ਟੀਕਾਕਰਨ ਹੋਵੇਗਾ।