ਪਾਕਿ ਸੈਨਾ ਦੇ ਜਨਰਲ ਨੇ ਕਬੂਲਿਆ, ਬਲੋਚ ਅੰਦੋਲਨ ਨੂੰ ਦਬਾਉਣ ਲਈ ਚੀਨ ਨੇ ਦਿੱਤੀ ਮਦਦ

Sunday, Jan 31, 2021 - 03:32 PM (IST)

ਪਾਕਿ ਸੈਨਾ ਦੇ ਜਨਰਲ ਨੇ ਕਬੂਲਿਆ, ਬਲੋਚ ਅੰਦੋਲਨ ਨੂੰ ਦਬਾਉਣ ਲਈ ਚੀਨ ਨੇ ਦਿੱਤੀ ਮਦਦ

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਰਾਜਨੀਤੀ ਤੋਂ ਲੈਕੇ ਆਮ ਲੋਕਾਂ ਦੀ ਜ਼ਿੰਦਗੀ 'ਤੇ ਚੀਨ ਨੇ ਕੰਟਰੋਲ ਸਥਾਪਿਤ ਕੀਤਾ ਹੋਇਆ ਹੈ, ਇਹ ਗੱਲ ਪਾਕਿਸਤਾਨੀ ਸੈਨਾ ਦੇ ਇਕ ਜਨਰਲ ਦੇ ਤਾਜ਼ਾ ਬਿਆਨ ਵਿਚ ਸਾਫ ਹੋ ਗਈ ਹੈ। ਇਸ ਅਧਿਕਾਰੀ ਨੇ ਇਹ ਕਹਿ ਕੇ ਹਲਚਲ ਪੈਦਾ ਕਰ ਦਿੱਤੀ ਹੈ ਕਿ ਬਲੋਚਿਸਤਾਨ ਦੀ ਆਜ਼ਾਦੀ ਦੇ ਅੰਦੋਲਨ ਨੂੰ ਦਬਾਉਣ ਵਿਚ ਚੀਨ ਦੀ ਭੂਮਿਕਾ ਹੈ। ਉਹਨਾਂ ਨੇ ਕਿਹਾ ਕਿ ਬੀਜਿੰਗ ਨੇ ਉਹਨਾਂ ਨੂੰ ਬਲੋਚਾਂ ਦਾ ਸੰਘਰਸ਼ ਖਤਮ ਕਰਨ ਲਈ 6 ਮਹੀਨੇ ਦਾ ਸਮਾਂ ਦਿੱਤਾ ਹੈ।

ਈਰਾਨ ਸਭ ਤੋਂ ਵੱਡਾ ਦੁਸ਼ਮਣ
ਬੰਗਲਾਦੇਸ਼ੀ ਅਖ਼ਬਾਰ 'ਦੀ ਡੇਲੀ ਸਨ' ਨੇ ਪਾਕਿਸਤਾਨੀ ਸੈਨਾ ਦੇ ਮੇਜਰ ਜਨਰਲ ਅਯਮਾਨ ਬਿਲਾਲ ਦੇ ਹਵਾਲੇ ਨਾਲ ਲਿਖਿਆ ਹੈ ਕਿ ਉਹਨਾਂ ਨੂੰ ਬਲੋਚ ਅੰਦੋਲਨ ਖਤਮ ਕਰਨ ਲਈ ਖੇਤਰ ਵਿਚ ਤਾਇਨਾਤ ਕੀਤਾ ਗਿਆ ਹੈ। ਬਿਲਾਲ ਨੇ ਈਰਾਨ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਦੱਸਿਆ ਅਤੇ ਚਿਤਾਵਨੀ ਦਿੱਤੀ ਹੈ ਕਿ ਪਾਕਿਸਤਾਨੀ ਸੈਨਾ ਈਰਾਨ ਦੇ ਅੰਦਰ ਜਾ ਕੇ ਕਾਰਵਾਈ ਕਰੇਗੀ। ਅਖ਼ਬਾਰ ਮੁਤਾਬਕ ਬਿਲਾਲ ਨੇ ਕਿਹਾ ਹੈ ਕਿ ਚੀਨ ਨੇ ਮੈਨੂੰ ਸੈਲਰੀ ਅਤੇ ਵੱਡੀ ਰਾਸ਼ੀ ਦਿੱਤੀ ਹੈ ਅਤੇ ਅਧਿਕਾਰਤ ਤੌਰ 'ਤੇ ਖੇਤਰੀ ਹਿੱਤਾਂ ਲਈ ਇੱਥੇ ਤਾਇਨਾਤ ਕੀਤਾ ਹੈ ਤਾਂ ਜੋ ਮੈਂ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਦੇ ਖ਼ਿਲਾਫ਼ ਈਰਾਨ ਦੀ ਸਾਜਿਸ਼ ਨੂੰ ਖਤਮ ਕਰ ਸਕਾਂ।

ਪੜ੍ਹੋ ਇਹ ਅਹਿਮ ਖਬਰ- ਡੌਮਨਿਕ ਰਾਬ ਨੂੰ ਮਨੁੱਖੀ ਅਧਿਕਾਰ ਸੰਗਠਨ ਰਿਪੀਵ ਵਲੋਂ ਜੱਗੀ ਜੌਹਲ ਦੀ ਰਿਹਾਈ ਲਈ ਅਪੀਲ

ਬਲੋਚਿਸਤਾਨ ਦਾ ਸ਼ੋਸ਼ਣ
ਪਾਕਿਸਤਾਨ ਨੇ ਬਲੋਚਿਸਤਾਨ ਵਿਚ ਕਈ ਵਿਕਾਸ ਕੰਮ ਸ਼ੁਰੂ ਕੀਤੇ ਹਨ ਪਰ ਹਾਲੇ ਵੀ ਇਹ ਦੇਸ਼ ਦਾ ਸਭ ਤੋਂ ਘੱਟ ਆਬਾਦੀ ਵਾਲਾ ਸਭ ਤੋਂ ਗਰੀਬ ਕੋਨਾ ਹੈ। ਬਾਗੀ ਸੰਗਠਨ ਇੱਥੇ ਦਹਾਕਿਆਂ ਤੋਂ ਵੱਖਵਾਦੀ ਅੱਤਵਾਦ ਦੀ ਲੜਾਈ ਲੜ ਰਹੇ ਹਨ। ਉਹਨਾਂ ਦੀ ਸ਼ਿਕਾਇਤ ਹੈ ਕਿ ਕੇਂਦਰ ਸਰਕਾਰ ਅਤੇ ਅਮੀਰ ਪੰਜਾਬ ਸੂਬਾ ਉਹਨਾਂ ਦੇ ਸਰੋਤਾਂ ਦਾ ਸ਼ੋਸ਼ਣ ਕਰਦਾ ਹੈ। ਇਸਲਾਮਾਬਾਦ ਨੇ 2005 ਵਿਚ ਅੱਤਵਾਦ ਖ਼ਿਲਾਫ਼ ਮਿਲਟਰੀ ਆਪਰੇਸ਼ਨ ਛੇੜ ਦਿੱਤਾ ਸੀ।

ਚੀਨ ਦੇ ਦਖਲ ਨਾਲ ਨਾਰਾਜ਼ਗੀ
ਉੱਥੇ 2015 ਵਿਚ ਚੀਨ ਨੇ ਸੀ.ਪੀ.ਈ.ਸੀ. ਦਾ ਐਲਾਨ ਕੀਤਾ ਸੀ ਜਿਸ ਦਾ ਇਕ ਹਿੱਸਾ ਬਲੋਚਿਸਤਾਨ ਵੀ ਹੈ। ਇਹ ਬਲੋਚਿਸਤਾਨ ਵਿਚ ਗਵਾਦਰ ਪੋਰਟ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜੇਗਾ। ਇਸ ਦੇ ਤਹਿਤ ਸੜਕਾਂ, ਰੇਲ ਅਤੇ ਤੇਲ ਪਾਈਪਲਾਈਨ ਦਾ ਕੰਮ ਵੀ ਕੀਤਾ ਜਾਵੇਗਾ, ਜਿਸ ਨਾਲ ਚੀਨ ਨੂੰ ਮੱਧ ਪੂਰਬ ਨਾਲ ਜੋੜਿਆ ਜਾ ਸਕੇਗਾ। ਬਲੋਚਿਸਤਾਨ ਦੇ ਰਾਜਨੀਤਕ ਅਤੇ ਮਿਲੀਟੈਂਟ ਵੱਖਵਾਦੀ ਚੀਨ ਦੇ ਦਖਲ ਦੇ ਖਿ਼ਲਾਫ਼ ਹਨ। ਉਹਨਾਂ ਦੇ ਹਮਲਾਵਰ ਰਵੱਈਏ ਅਤੇ ਹਮਲਿਆਂ ਕਾਰਨ ਇਸ ਪ੍ਰਾਜੈਕਟ ਨੂੰ ਨੁਕਸਾਨ ਹੋ ਰਿਹਾ ਹੈ। ਇੱਥੋਂ ਤੱਕ ਕਿ ਚੀਨ ਦੇ ਅਧਿਕਾਰੀਆਂ ਅਤੇ ਮਜ਼ਦੂਰਾਂ 'ਤੇ ਵੀ ਹਮਲੇ ਕੀਤੇ ਗਏ ਹਨ।

ਪੜ੍ਹੋ ਇਹ ਅਹਿਮ ਖਬਰ- ਜਗਮੀਤ ਸਿੰਘ ਨੇ ਕੀਤਾ ਕਿਸਾਨ ਅੰਦਲੋਨ ਦਾ ਸਮਰਥਨ, ਪੀ.ਐੱਮ ਟਰੂਡੋ ਨੂੰ ਕੀਤੀ ਦਖਲ ਦੀ ਮੰਗ

ਚੀਨ-ਪਾਕਿ ਲਈ ਮਹੱਤਵਪੂਰਨ ਸੀ.ਪੀ.ਈ.ਸੀ.
ਬਿਲਾਲ ਦਾ ਕਹਿਣਾ ਹੈ ਕਿ ਚੀਨ ਅਤੇ ਪਾਕਿਸਤਾਨ ਲਈ ਸੀ.ਪੀ.ਈ.ਸੀ. ਦੀ ਸਫਲਤਾ ਅਤੇ ਬਲੋਚ ਅੰਦੋਲਨ ਦਾ ਖਤਮ ਹੋਣਾ ਬਹੁਤ ਜ਼ਰੂਰੀ ਹੈ। ਉਹਨਾਂ ਦਾ ਕਹਿਣਾ ਹੈ ਕਿ ਇਸ ਲਈ ਉਹਨਾਂ ਕੋਲ ਕਾਫੀ ਪੈਸਾ ਹੈ। ਈਰਾਨ ਨੂੰ ਬਲੋਚਿਸਤਾਨ ਵਿਚ ਹੋਰ ਅਸ਼ਾਂਤੀ ਫੈਲਾਉਣ ਅਤੇ ਸੀ.ਪੀ.ਈ.ਸੀ. ਖ਼ਿਲਾਫ਼ ਸਾਜਿਸ਼ ਦਾ ਮੌਕਾ ਨਹੀਂ ਦਿੱਤਾ ਜਾ ਸਕਦਾ। ਸੀ.ਪੀ.ਈ.ਸੀ. ਜ਼ਰੀਏ ਚੀਨ ਪਾਕਿਸਤਾਨ ਦੇ ਨਾਲ-ਨਾਲ ਮੱਧ ਅਤੇ ਦੱਖਣੀ ਏਸ਼ੀਆ ਵਿਚ ਆਪਣਾ ਦਬਦਬਾ ਕਾਇਮ ਕਰ ਕੇ ਅਮਰੀਕਾ ਅਤੇ ਭਾਰਤ ਦੇ ਸਾਹਮਣੇ ਚੁਣੌਤੀ ਪੇਸ਼ ਕਰਨਾ ਚਾਹੁੰਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦੱਸੋ ਆਪਣੀ ਰਾਏ।
 


author

Vandana

Content Editor

Related News