ਪਾਕਿ ਨੇ ਅੌਰਤਾਂ ਤੇ ਬੱਚਿਆਂ ਸਮੇਤ 200 ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਭੇਜਿਆ ਵਾਪਸ

Wednesday, Sep 08, 2021 - 03:28 PM (IST)

ਪਾਕਿ ਨੇ ਅੌਰਤਾਂ ਤੇ ਬੱਚਿਆਂ ਸਮੇਤ 200 ਤੋਂ ਵੱਧ ਅਫ਼ਗਾਨ ਨਾਗਰਿਕਾਂ ਨੂੰ ਭੇਜਿਆ ਵਾਪਸ

ਇਸਲਾਮਾਬਾਦ (ਭਾਸ਼ਾ)-ਤਾਲਿਬਾਨ ਦੇ ਅਫ਼ਗਾਨਿਸਤਾਨ ’ਤੇ ਕਬਜ਼ਾ ਕਰਨ ਤੋਂ ਬਾਅਦ ਪਾਕਿਸਤਾਨ ਨੇ ਬੱਚਿਆਂ ਤੇ ਔਰਤਾਂ ਸਮੇਤ 200 ਤੋਂ ਜ਼ਿਆਦਾ ਅਫ਼ਗਾਨ ਨਾਗਰਿਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ ਹੈ। ਅਖ਼ਬਾਰ ‘ਡਾਨ’ ਦੀ ਖ਼ਬਰ ਅਨੁਸਾਰ ਇਹ ਲੋਕ ਵੱਖ-ਵੱਖ ਮਾਰਗਾਂ ਰਾਹੀਂ ਪਾਕਿਸਤਾਨ ’ਚ ਦਾਖਲ ਹੋਏ ਅਤੇ ਚਮਨ ਪਹੁੰਚੇ, ਜਿਸ ਤੋਂ ਬਾਅਦ ਕੁਝ ਦਿਨਾਂ ਤਕ ਉਹ ਇੱਕ ਰੇਲਵੇ ਸਟੇਸ਼ਨ ’ਤੇ ਰੁਕੇ ਪਰ ਸਰਹੱਦੀ ਅਧਿਕਾਰੀਆਂ ਨੇ ਉਨ੍ਹਾਂ ਦੇ ਉਥੇ ਹੋਰ ਰੁਕਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਕੁੰਦੁਜ ਸੂਬੇ ਦੇ ਅਫ਼ਗਾਨ ਨਾਗਰਿਕ ਦੋ ਦਿਨ ਪਹਿਲਾਂ ਕਵੇਟਾ ਪਹੁੰਚਣ ’ਚ ਕਾਮਯਾਬ ਹੋਏ ਅਤੇ ਸੂਬਾਈ ਰਾਜਧਾਨੀ ਦੇ ਬਾਹਰਵਾਰ ਬਲੇਲੀ ’ਚ ਰੁਕੇ ਪਰ ਉੱਥੋਂ ਦੇ ਅਧਿਕਾਰੀਆਂ ਨੇ ਵੀ ਉਨ੍ਹਾਂ ਨੂੰ ਕਵੇਟਾ ’ਚ ਰਹਿਣ ਨਹੀਂ ਦਿੱਤਾ। ਉਨ੍ਹਾਂ ਨੇ ਉਨ੍ਹਾਂ ਸਾਰਿਆਂ ਨੂੰ ਹਿਰਾਸਤ ’ਚ ਲੈ ਲਿਆ ਅਤੇ ਫਿਰ ਮੰਗਲਵਾਰ ਨੂੰ ਉਨ੍ਹਾਂ ਨੂੰ ਚਮਨ ਦੇ ਰਸਤੇ ਉਨ੍ਹਾਂ ਦੇ ਦੇਸ਼ ਵਾਪਸ ਭੇਜ ਦਿੱਤਾ। ਇਹ ਔਰਤਾਂ ਅਤੇ ਬੱਚਿਆਂ ਸਮੇਤ 200 ਤੋਂ ਵੱਧ ਅਫ਼ਗਾਨ ਨਾਗਰਿਕ ਸਨ।

ਕਵੇਟਾ ਦੇ ਡਵੀਜ਼ਨਲ ਕਮਿਸ਼ਨਰ ਸੋਹੇਲ-ਉਰ-ਰਹਿਮਾਨ ਬਲੋਚ ਦੇ ਹਵਾਲੇ ਤੋਂ ਕਿਹਾ ਗਿਆ ਹੈ, “ਇਨ੍ਹਾਂ ਅਫ਼ਗਾਨ ਪਰਿਵਾਰਾਂ ਨੂੰ ਅਫ਼ਗਾਨਿਸਤਾਨ ਭੇਜਿਆ ਗਿਆ ਹੈ ਕਿਉਂਕਿ ਉਹ ਗੈਰ-ਕਾਨੂੰਨੀ ਢੰਗ ਨਾਲ ਪਾਕਿਸਤਾਨ ’ਚ ਦਾਖਲ ਹੋਏ ਸਨ। ਪਾਕਿਸਤਾਨ ਅਫ਼ਗਾਨ ਨਾਗਰਿਕਾਂ ਨੂੰ ਵੀਜ਼ਾ ਸਮੇਤ ਹੋਰ ਕਾਨੂੰਨੀ ਦਸਤਾਵੇਜ਼ਾਂ ਤੋਂ ਬਿਨਾਂ ਦੇਸ਼ ’ਚ ਦਾਖਲ ਹੋਣ ਦੀ ਆਗਿਆ ਨਹੀਂ ਦੇ ਰਿਹਾ। ਚਮਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਪਾਕਿਸਤਾਨ ’ਚ ਅਫ਼ਗਾਨ ਸ਼ਰਨਾਰਥੀਆਂ ਲਈ ਅਜੇ ਤੱਕ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਅਫ਼ਗਾਨ ਸ਼ਰਨਾਰਥੀਆਂ ਦੇ ਸੰਗਠਨ ਅਤੇ ਸੰਯੁਕਤ ਰਾਸ਼ਟਰ ਦੇ ਸ਼ਰਨਾਰਥੀਆਂ ਦੇ ਹਾਈ ਕਮਿਸ਼ਨਰ (ਯੂ. ਐੱਨ. ਐੱਚ. ਸੀ. ਆਰ.) ਦੇ ਦਫਤਰ ਨੇ ਵੀ ਅਜੇ ਤੱਕ ਬਲੋਚਿਸਤਾਨ ਦੇ ਕਿਸੇ ਵੀ ਖੇਤਰ ’ਚ ਅਫ਼ਗਾਨ ਸ਼ਰਨਾਰਥੀਆਂ ਦੇ ਰਹਿਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਹੈ। ਕੁਝ ਅਫ਼ਗਾਨ ਪਰਿਵਾਰ ਅਫ਼ਗਾਨਿਸਤਾਨ ਦੇ ਹੇਲਮੰਡ ਸੂਬੇ ਤੋਂ ਨੋਸ਼ਕੀ ਜ਼ਿਲ੍ਹੇ ’ਚ ਦਾਖਲ ਹੋਏ ਹਨ। ਪਾਕਿਸਤਾਨ ’ਚ ਪਹਿਲਾਂ ਹੀ ਤਕਰੀਬਨ 30 ਲੱਖ ਅਫ਼ਗਾਨ ਰਹਿ ਰਹੇ ਹਨ। ਇਸ ਨੇ ਹਾਲ ਹੀ ’ਚ ਕਿਹਾ ਸੀ ਕਿ ਉਹ ਵਧੇਰੇ ਸ਼ਰਨਾਰਥੀਆਂ ਦੀ ਮੇਜ਼ਬਾਨੀ ਕਰਨ ਦੀ ਹਾਲਤ ’ਚ ਨਹੀਂ ਹੈ।


author

Manoj

Content Editor

Related News