ਪਾਕਿ ਨੇ ਜੇ. ਕੇ. ਐੱਲ.ਐੱਫ.ਮੁਖੀ ਯਾਸੀਨ ਮਲਿਕ ਦੀ ਗ੍ਰਿਫਤਾਰੀ ਦੀ ਕੀਤੀ ਆਲੋਚਨਾ

04/22/2019 8:08:57 PM

ਇਸਲਾਮਾਬਾਦ (ਭਾਸ਼ਾ)–ਪਾਕਿਸਤਾਨ ਨੇ ਜੰਮੂ-ਕਸ਼ਮੀਰ ਵਿਚ ਅੱਤਵਾਦੀ ਅਤੇ ਵੱਖਵਾਦੀ ਸੰਗਠਨਾਂ ਦੇ ਵਿੱਤ ਪੋਸ਼ਣ ਦੇ ਇਕ ਮਾਮਲੇ ਵਿਚ ਵੱਖਵਾਦੀ ਨੇਤਾ ਯਾਸੀਨ ਮਲਿਕ ਨੂੰ ਗ੍ਰਿਫਤਾਰ ਕੀਤੇ ਜਾਣ ’ਤੇ ਸੋਮਵਾਰ ਨੂੰ ਭਾਰਤ ਦੀ ਆਲੋਚਨਾ ਕੀਤੀ। ਜੰਮੂ ਵਿਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਦੀ ਇਕ ਅਦਾਲਤ ਵਲੋਂ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਐੱਨ. ਆਈ. ਏ. ਨੇ ਜੇ. ਕੇ. ਐੱਲ.ਐੱਫ. ਮੁਖੀ ਮਲਿਕ ਨੂੰ 10 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ। ਮਲਿਕ ਨੂੰ ਪੁਲਸ ਸੁਰੱਖਿਆ ਵਿਚ ਤਿਹਾੜ ਜੇਲ ਵਿਚ ਤਬਦੀਲ ਕੀਤਾ ਗਿਆ ਸੀ।

ਇਸ ਤੋਂ ਪਹਿਲਾਂ ਉਸ ਨੂੰ ਫਰਵਰੀ ਵਿਚ ਜੰਮੂ-ਕਸਮੀਰ ਪੁਲਸ ਵਲੋਂ ਅਹਿਤਿਆਤ ਦੇ ਤੌਰ ’ਤੇ ਹਿਰਾਸਤ ਵਿਚ ਲਿਆ ਗਿਆ ਸੀ ਅਤੇ ਜੰਮੂ ਦੀ ਕੋਟ ਬਲਵਲ ਜੇਲ ਵਿਚ ਭੇਜਿਆ ਗਿਆ ਸੀ। ਕੇਂਦਰ ਸਰਕਾਰ ਨੇ ਪਿਛਲੇ ਮਹੀਨੇ ਮਲਿਕ ਦੇ ਸੰਗਠਨ ਜੇ. ਕੇ. ਐੱਲ. ਐੱਫ. ’ਤੇ ਪਾਬੰਦੀ ਲਾ ਦਿੱਤੀ ਸੀ। ਮਲਿਕ ਵਿਰੁੱਧ ਸੀ. ਬੀ. ਆਈ. ਨੇ ਵੀ ਮੁਕੱਦਮੇ ਦਰਜ ਕੀਤੇ ਹੋਏ ਹਨ। ਇਹ ਮਾਮਲੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਮੁਫਤੀ ਮੁਹੰਮਦ ਸਈਦ ਦੀ ਬੇਟੀ ਰੂਬੀ ਸਈਦ ਦੇ 1989 ਵਿਚ ਹੋਏ ਅਗਵਾ ਅਤੇ 1990 ਵਿਚ ਹਵਾਈ ਫੌਜ ਦੇ 4 ਮੁਲਾਜ਼ਮਾਂ ਦੀ ਹੱਤਿਆ ਨਾਲ ਸਬੰਧਤ ਹਨ।


Sunny Mehra

Content Editor

Related News