ਪਾਕਿ SC ਨੇ ਭਾਰਤ ’ਚ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਕੀਤੀ ਖਤਮ
Friday, Jun 11, 2021 - 12:36 PM (IST)
ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਪਿਛਲੇ ਸਾਲ ਰਾਜਸਥਾਨ ’ਚ 11 ਪਾਕਿਸਤਾਨੀ ਹਿੰਦੂਆਂ ਦੀ ਮੌਤ ਦੇ ਮਾਮਲੇ ਦੀ ਸੁਣਵਾਈ ਵੀਰਵਾਰ ਖਤਮ ਕਰ ਦਿੱਤੀ। ਸੰਘੀ ਸਰਕਾਰ ਵੱਲੋਂ ਇਸ ਮਾਮਲੇ ਨੂੰ ਭਾਰਤ ਸਰਕਾਰ ਸਾਹਮਣੇ ਚੁੱਕਣ ਦੇ ਭਰੋਸੇ ਤੋਂ ਬਾਅਦ ਅਦਾਲਤ ਨੇ ਮਾਮਲਾ ਰੱਦ ਕਰ ਦਿੱਤਾ। ਪਾਕਿਸਤਾਨੀ ਹਿੰਦੂ ਪ੍ਰਵਾਸੀ ਪਰਿਵਾਰ ਦੇ 11 ਮੈਂਬਰ ਪਿਛਲੇ ਸਾਲ 9 ਅਗਸਤ ਨੂੰ ਰਾਜਸਥਾਨ ਦੇ ਜੋਧਪੁਰ ਜ਼ਿਲ੍ਹੇ ਦੇ ਇੱਕ ਖੇਤ ’ਚ ਮ੍ਰਿਤਕ ਪਾਏ ਗਏ ਸਨ। ਪਾਕਿਸਤਾਨ ’ਚ ਪੀੜਤਾਂ ਦੇ ਰਿਸ਼ਤੇਦਾਰਾਂ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਅਦਾਲਤ ਨੂੰ ਸੰਘੀ ਸਰਕਾਰ ਨੂੰ ਹੁਕਮ ਦੇਣ ਦੀ ਬੇਨਤੀ ਕੀਤੀ ਸੀ ਕਿ ਉਹ ਮੌਤ ਦੀ ਅਸਲੀ ਵਜ੍ਹਾ ਦਾ ਪਤਾ ਲਗਾਉਣ ਲਈ ਭਾਰਤ ਸਾਹਮਣੇ ਪੁਰਜ਼ੋਰ ਢੰਗ ਨਾਲ ਮਾਮਲਾ ਉਠਾਏ।
ਇਹ ਵੀ ਪੜ੍ਹੋ : ਸਾਂਝੀ ਸਿੱਖ ਫੈੱਡਰੇਸ਼ਨ ਇਟਲੀ ਸਿੱਖ ਭਾਈਚਾਰੇ ਨੂੰ ਦਰਪੇਸ਼ ਮੁਸ਼ਕਿਲਾਂ ਦਾ ਕਰੇਗੀ ਹੱਲ, ਸੰਗਤ ਤੋਂ ਕੀਤੀ ਸਹਿਯੋਗ ਦੀ ਅਪੀਲ
ਪਾਕਿਸਤਾਨੀ ਸਰਕਾਰ ਨੇ ਜਦੋਂ ਭਰੋਸਾ ਦਿੱਤਾ ਕਿ ਉਹ ਭਾਰਤ ਨਾਲ ਇਸ ਮਾਮਲੇ ਦੀ ਜਾਂਚ ਜ਼ਿੰਮੇਵਾਰ ਵਿਦੇਸ਼ ਵਿਭਾਗ ਨੂੰ ਸੌਂਪੇਗੀ ਤਾਂ ਅਦਾਲਤ ਨੇ ਮਾਮਲੇ ਨੂੰ ਖਤਮ ਮੰਨ ਲਿਆ। ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਉਹ ਦੋ ਦੇਸ਼ਾਂ ਦੇ ਵਿਦੇਸ਼ ਮਾਮਲਿਆਂ ’ਚ ਦਖਲ ਜਾਂ ਨਿਰਦੇਸ਼ ਦੇਣਾ ਪਸੰਦ ਨਹੀਂ ਕਰੇਗੀ। ਇਸ ਤੋਂ ਪਹਿਲਾਂ ਪਟੀਸ਼ਨਕਰਤਾਵਾਂ ਦੇ ਵਕੀਲ ਸੱਯਦ ਕਲਬ-ਏ-ਹਸਨ ਨੇ ਕਿਹਾ ਸੀ ਕਿ ਇਹ ਮਾਮਲਾ ਬਹੁਤ ਗੰਭੀਰ ਹੈ ਅਤੇ ਸੁਪਰੀਮ ਕੋਰਟ ਨੂੰ ਸੰਘੀ ਸਰਕਾਰ ਨੂੰ ਰਸਮੀ ਤੌਰ ’ਤੇ ਨੋਟਿਸ ਜਾਰੀ ਕਰਨਾ ਚਾਹੀਦਾ ਹੈ।
ਇਹ ਵੀ ਪੜ੍ਹੋ : ਅਮਰੀਕਾ : ਫਲੋਰਿਡਾ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ ਇੰਨੀਆਂ ਮੌਤਾਂ
ਉਨ੍ਹਾਂ ਇਹ ਵੀ ਕਿਹਾ ਕਿ ਵਿਦੇਸ਼ ਮੰਤਰਾਲਾ ਇਸ ਮਾਮਲੇ ’ਚ ਸਿਰਫ ਖਾਨਾਪੂਰਤੀ ਲਈ ਹੀ ਕਾਰਵਾਈ ਕਰ ਰਿਹਾ ਹੈ। ਇਹ ਪਰਿਵਾਰ ਪਾਕਿਸਤਾਨ ਦੇ ਸਿੰਧ ਸੂਬੇ ਤੋਂ ਸਾਲ 2015 ’ਚ ਲੰਬੇ ਸਮੇਂ ਦੇ ਵੀਜ਼ੇ ’ਤੇ ਭਾਰਤ ਆਇਆ ਸੀ। ਪਰਿਵਾਰਕ ਮੈਂਬਰ ਇੱਕ ਖੇਤ ’ਚ ਰਹਿ ਰਹੇ ਸਨ, ਜਿਸ ਨੂੰ ਉਨ੍ਹਾਂ ਨੇ ਖੇਤੀ ਲਈ ਲੀਜ਼ ’ਤੇ ਲਿਆ ਸੀ। ਪੁਲਸ ਨੇ ਪਿਛਲੇ ਸਾਲ 10 ਅਗਸਤ ਨੂੰ ਕਿਹਾ ਸੀ ਕਿ ਪੋਸਟਮਾਰਟਮ ’ਚ ਜ਼ਹਿਰੀਲੇ ਪਦਾਰਥ ਖਾਣ ਕਰਕੇ ਮੌਤ ਦੀ ਗੱਲ ਸਾਹਮਣੇ ਆਈ ਸੀ ਅਤੇ ਇਹ ਸੰਭਾਵਿਤ ਸਮੂਹਿਕ ਖੁਦਕੁਸ਼ੀ ਦਾ ਮਾਮਲਾ ਸੀ।