ਸ਼ਾਹਬਾਜ਼ ਸ਼ਰੀਫ ਨੇ ਭਾਰਤ ਨੂੰ ਕਸ਼ਮੀਰ ਮੁੱਦਾ ਗੱਲਬਾਤ ਰਾਹੀਂ ਸੁਲਝਾਉਣ ਦੀ ਕੀਤੀ ਅਪੀਲ
Tuesday, Aug 06, 2024 - 12:26 AM (IST)
ਇਸਲਾਮਾਬਾਦ : ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਸੋਮਵਾਰ ਨੂੰ ਭਾਰਤ ਨੂੰ ਕਸ਼ਮੀਰ ਮੁੱਦੇ ਨੂੰ ਗੱਲਬਾਤ ਰਾਹੀਂ ਹੱਲ ਕਰਨ ਦੀ ਅਪੀਲ ਕੀਤੀ। ਆਰਟੀਕਲ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਹਟਾਉਣ ਦੀ ਪੰਜਵੀਂ ਵਰ੍ਹੇਗੰਢ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ।
ਭਾਰਤ ਸਰਕਾਰ ਨੇ ਪੰਜ ਅਗਸਤ 2019 ਨੂੰ ਆਰਟੀਕਲ 370 ਦੇ ਜ਼ਿਆਦਾਤਰ ਪ੍ਰਬੰਧਾਂ ਨੂੰ ਰੱਦ ਕਰ ਦਿੱਤਾ ਸੀ। ਸਰਕਾਰ ਨੇ ਤੱਤਕਾਲੀ ਜੰਮੂ ਕਸ਼ਮੀਰ ਸੂਬੇ ਨੂੰ ਜੰਮੂ ਕਸ਼ਮੀਰ ਪੁਨਰਗਠਨ ਐਕਟ ਦੇ ਰਾਹੀਂ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਜੰਮੂ ਕਸ਼ਮੀਰ ਦੇ ਲੱਦਾਖ ਵਿਚ ਵੰਡ ਦਿੱਤਾ ਸੀ। ਪਾਕਿਸਤਾਨ ਨੇ 2020 ਵਿਚ ਪੰਜ ਅਗਸਤ ਨੂੰ ਯੌਮ-ਏ-ਅਸਤੇਹਸਾਲ ਦੇ ਰੂਪ ਵਿਚ ਨਾਮਜ਼ਦ ਕੀਤਾ ਤੇ ਭਾਰਤ ਦੀ ਇਸ ਕਾਰਵਾਈ 'ਤੇ ਆਪਣਾ ਵਿਰੋਧ ਦਰਜ ਕਰਵਾਉਣ ਲਈ ਹਰ ਸਾਲ ਇਸ ਦਿਨ ਨੂੰ ਮਨਾਉਣ ਦਾ ਫੈਸਲਾ ਲਿਆ।
ਸ਼ਰੀਫ ਨੇ ਟੈਲੀਵਿਜ਼ਨ 'ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਦੱਖਣੀ ਏਸ਼ੀਆ ਵਿਚ ਸਥਾਈ ਸ਼ਾਂਤੀ ਤੇ ਸੁਰੱਖਿਆ ਦੇ ਹਿੱਤ ਵਿਚ ਭਾਰਤ ਨੂੰ ਵਿਵਾਦ ਤੋਂ ਇਨਕਾਰ ਕਰਨ ਦੀ ਬਜਾਏ ਵਿਵਾਦ ਦੇ ਹੱਲ ਵੱਲ ਵਧਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਇਕ ਪਰਮਾਣੂ ਸ਼ਕਤੀ ਹੈ ਤੇ ਇਹ ਉਸ ਦੀ ਸੁਰੱਖਿਆ ਦਾ ਹਿੱਸਾ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਆਪਣੀ ਪਰਮਾਣੂ ਸ਼ਕਤੀ ਦੇ ਸਬੰਧ ਵਿਚ ਕਿਸੇ ਵੀ ਹਮਲਾਵਰਤਾ ਬਾਰੇ ਨਹੀਂ ਸੋਚਿਆ ਹੈ।
ਸ਼ਰੀਫ ਨੇ ਕਿਹਾ ਕਿ ਇਸ ਲਈ ਬਿਹਤਰ ਬਦਲ ਇਹੀ ਹੈ ਕਿ ਸ਼ਾਂਤੀਪੂਰਨ ਰਸਤਾ ਅਪਣਾਇਆ ਜਾਵੇ ਤੇ ਇਕੱਠੇ ਬੈਠ ਕੇ ਕਸ਼ਮੀਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਕੱਢਿਆ ਜਾਵੇ। ਭਾਰਤ ਲਗਾਤਾਰ ਕਹਿੰਦਾ ਰਿਹਾ ਹੈ ਕਿ ਉਹ ਪਾਕਿਸਤਾਨ ਦੇ ਨਾਲ ਆਮ ਗੁਆਂਢੀ ਜਿਹੇ ਸਬੰਧ ਚਾਹੁੰਦਾ ਹੈ। ਭਾਰਤ ਇਸ ਗੱਲ 'ਤੇ ਜ਼ੋਰ ਦਿੰਦਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਸਬੰਧ ਦੇ ਲਈ ਅੱਤਵਾਦ ਤੇ ਦੁਸ਼ਮਣੀ ਤੋਂ ਮੁਕਤ ਵਾਤਾਵਰਨ ਬਣਾਉਣ ਦੀ ਜ਼ਿੰਮੇਵਾਰੀ ਇਸਲਾਮਾਬਾਦ ਦੀ ਹੈ।