ਪਾਕਿ ਸੰਸਦ ਮੈਂਬਰਾਂ ਨੇ ਆਪਣੀਆਂ ਤਨਖਾਹਾਂ ਦੁੱਗਣੀਆਂ ਤੋਂ ਵੱਧ ਕਰਨ ਦਾ ਬਿੱਲ ਕੀਤਾ ਪਾਸ
Wednesday, Feb 12, 2025 - 01:46 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਦੇ ਸੰਸਦ ਮੈਂਬਰਾਂ ਨੇ ਮੰਗਲਵਾਰ ਨੂੰ ਇੱਕ ਬਿੱਲ ਪਾਸ ਕੀਤਾ ਜੋ ਉਨ੍ਹਾਂ ਦੀ ਤਨਖਾਹ ਪਾਕਿਸਤਾਨੀ ਮੁਦਰਾ ਵਿੱਚ 2,18,000 ਰੁਪਏ ਤੋਂ ਦੁੱਗਣੀ ਤੋਂ ਵੱਧ ਕੇ 5,19,000 ਰੁਪਏ (ਭਾਰਤੀ ਮੁਦਰਾ ਵਿੱਚ ਲਗਭਗ 1.62 ਲੱਖ ਰੁਪਏ) ਕਰ ਦੇਵੇਗਾ। ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐਮ.ਐਲ.-ਐਨ.) ਦੀ ਸੰਸਦ ਮੈਂਬਰ ਰੋਮੀਨਾ ਖੁਰਸ਼ੀਦ ਆਲਮ ਨੇ ਨੈਸ਼ਨਲ ਅਸੈਂਬਲੀ ਵਿੱਚ ਸੰਸਦ ਮੈਂਬਰਾਂ ਦੀ ਤਨਖਾਹ ਅਤੇ ਭੱਤਾ (ਸੋਧ) ਬਿੱਲ 2025 ਪੇਸ਼ ਕੀਤਾ, ਜਿਸ ਨੂੰ ਬਹੁਮਤ ਨਾਲ ਪਾਸ ਕਰ ਦਿੱਤਾ ਗਿਆ। ਇਸ ਨਾਲ ਸੰਸਦ ਮੈਂਬਰਾਂ ਦੀਆਂ ਤਨਖਾਹਾਂ ਵਿੱਚ 138 ਫੀਸਦੀ ਦਾ ਵੱਡਾ ਵਾਧਾ ਹੋਵੇਗਾ।
ਇਸ ਤੋਂ ਪਹਿਲਾਂ, ਨੈਸ਼ਨਲ ਅਸੈਂਬਲੀ ਦੀ ਵਿੱਤ ਕਮੇਟੀ ਨੇ 26 ਜਨਵਰੀ ਨੂੰ ਸਪੀਕਰ ਅਯਾਜ਼ ਸਾਦਿਕ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਸੀ। ਦਿਲਚਸਪ ਗੱਲ ਇਹ ਹੈ ਕਿ ਜਦੋਂ ਦੇਸ਼ ਇੱਕ ਗੰਭੀਰ ਆਰਥਿਕ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਨਾ ਤਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਨਾਲ ਸਬੰਧਤ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਅਤੇ ਨਾ ਹੀ ਸੱਤਾਧਾਰੀ ਪਾਰਟੀ ਦੇ ਕਿਸੇ ਵੀ ਸੰਸਦ ਮੈਂਬਰ ਨੇ ਆਪਣੀਆਂ ਤਨਖਾਹਾਂ ਵਿੱਚ ਭਾਰੀ ਵਾਧੇ 'ਤੇ ਕੋਈ ਇਤਰਾਜ਼ ਜਤਾਇਆ।